DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਸੀਂ ਹਾਂ ਆਖ਼ਰੀ ਪੀੜ੍ਹੀ ਦੇ ਲੋਕ

ਕਦੇ-ਕਦੇ ਸੋਚਦਾ ਹਾਂ ਸ਼ਾਇਦ ਅਸੀਂ ਉਸ ਆਖ਼ਰੀ ਪੀੜ੍ਹੀ ਦੇ ਲੋਕ ਹਾਂ ਜਿਨ੍ਹਾਂ ਦੀ ਪਰਵਰਿਸ਼ ਸਾਂਝੇ ਪਰਿਵਾਰਾਂ ਵਿੱਚ ਹੋਈ। ਸਾਨੂੰ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਦਾਦਾ-ਦਾਦੀ, ਨਾਨਾ-ਨਾਨੀ, ਮਾਮਾ-ਮਾਮੀ, ਤਾਏ-ਤਾਈ, ਚਾਚੇ-ਚਾਚੀ ਤੇ ਭੂਆ-ਮਾਸੀਆਂ ਦਾ ਪੂਰਾ ਪਿਆਰ ਮਿਲਿਆ। ਅਸੀਂ ਦਾਦਕੇ-ਨਾਨਕੇ ਛੁੱਟੀਆਂ ਕੱਟੀਆਂ ਅਤੇ ਬਚਪਨ...

  • fb
  • twitter
  • whatsapp
  • whatsapp
Advertisement

ਕਦੇ-ਕਦੇ ਸੋਚਦਾ ਹਾਂ ਸ਼ਾਇਦ ਅਸੀਂ ਉਸ ਆਖ਼ਰੀ ਪੀੜ੍ਹੀ ਦੇ ਲੋਕ ਹਾਂ ਜਿਨ੍ਹਾਂ ਦੀ ਪਰਵਰਿਸ਼ ਸਾਂਝੇ ਪਰਿਵਾਰਾਂ ਵਿੱਚ ਹੋਈ। ਸਾਨੂੰ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਦਾਦਾ-ਦਾਦੀ, ਨਾਨਾ-ਨਾਨੀ, ਮਾਮਾ-ਮਾਮੀ, ਤਾਏ-ਤਾਈ, ਚਾਚੇ-ਚਾਚੀ ਤੇ ਭੂਆ-ਮਾਸੀਆਂ ਦਾ ਪੂਰਾ ਪਿਆਰ ਮਿਲਿਆ। ਅਸੀਂ ਦਾਦਕੇ-ਨਾਨਕੇ ਛੁੱਟੀਆਂ ਕੱਟੀਆਂ ਅਤੇ ਬਚਪਨ ਵਿੱਚ ਬਜ਼ੁਰਗਾਂ ਤੋਂ ਰਾਜੇ-ਰਾਣੀਆਂ, ਭੂਤਾਂ-ਪ੍ਰੇਤਾਂ ਦੀਆਂ ਕਹਾਣੀਆਂ ਸੁਣੀਆਂ। ਅਸੀ ਹਾਂ ਜਿਹੜੇ ਮਾਣੋ ਬਿੱਲੀ ਆਉਣ ਦੇ ਡਰੋਂ ਦੜ ਵੱਟ ਕੇ ਸੌਂ ਜਾਂਦੇ ਰਹੇ। ਪਿੰਡ ਦੇ ਸਕੂਲ ’ਚ ਦਾਖਲੇ ਸਮੇਂ ਜਨਮ ਪ੍ਰਮਾਣ ਪਤੱਰ ਨਾ ਹੋਣ ਕਰਕੇ ਅੰਦਾਜ਼ੇ ਨਾਲ ਉਮਰ ਮਿੱਥ ਕੇ ਲਿਖਾ ਦਿੱਤੀ ਗਈ। ਪਹਿਲੇ ਦਿਨ ਮਾਸਟਰ ਤੋਂ, ‘‘ਲਟ-ਪਟ ਪੰਛੀ ਚਤਰ ਸੁਜਾਨ, ਸਭ ਕਾ ਦਾਤਾ ਸ੍ਰੀ ਭਗਵਾਨ’’ ਦਾ ਬੀਜ ਮੰਤਰ ਯਾਦ ਕਰਕੇ ਪੜ੍ਹਾਈ ਦਾ ਸ੍ਰੀਗਣੇਸ਼ ਕੀਤਾ। ਅਸੀਂ ਪੁਰਾਣੇ ਕੱਪੜਿਆਂ ਤੋਂ ਤਿਆਰ ਕੀਤੇ ਥੈਲੇ ਵਿੱਚ ਕਿਤਾਬਾਂ ਰੱਖ ਕੇ ਹੱਥ ’ਚ ਫੱਟੀ ਅਤੇ ਬੈਠਣ ਲਈ ਤੱਪੜ ਲੈ ਕੇ ਸਕੂਲ ਜਾਂਦੇ। ਅਸੀਂ ਸਕੂਲ ਦੇ ਚੁਬੱਚੇ ਜਾਂ ਨੇੜਲੀ ਛੱਪੜੀ ’ਤੇ ਫੱਟੀਆਂ ਧੋਤੀਆਂ। ਪੀਲੀ ਗਾਚਣੀ ਨਾਲ ਫੱਟੀ ਲਿਪ ਕੇ ਹਵਾ ’ਚ ਘੁਮਾਉਂਦਿਆਂ ‘ਸੂਰਜਾ-ਸੂਰਜਾ ਫੱਟੀ ਸੁਕਾ, ਸਾਡੀ ਕੋਠੀ ਦਾਣੇ ਪਾ’ ਦੀ ਮੁਹਾਰਨੀ ਪੜ੍ਹੀ। ਅਸੀਂ ਕੱਚ ਜਾਂ ਲੋਹੇ ਦੀ ਦਵਾਤ ਵਿੱਚ ਘਰੇ ਤਿਆਰ ਕੀਤੀ ਸਿਆਹੀ ਪਾ ਕੇ ਕਾਨੇ ਦੀਆਂ ਕਲਮਾਂ ਡੋਬ ਕੇ ਫੱਟੀਆਂ ਅਤੇ ਕਾਪੀਆਂ ’ਤੇ ਖੁਸ਼ਖ਼ਤ ਇਬਾਰਤਾਂ ਲਿਖੀਆਂ। ਅਸੀਂ ਮਿੱਟੀ ਜਾਂ ਰੇਤ ’ਤੇ ਉਂਗਲਾਂ ਨਾਲ ਊੜਾ ਐੜਾ ਈੜੀ ਲਿਖਣਾ ਸਿੱਖਿਆ। ਸਲੇਟ ’ਤੇ ਗਣਿਤ ਦੇ ਸਵਾਲ ਹੱਲ ਕਰਨੇ ਸਿੱਖੇ, ਜਿਨ੍ਹਾਂ ਨੂੰ ਅੱਧੇ, ਪੌਣੇ, ਡਿਉਢੇ, ਢਾਏ ਆਦਿ ਦੇ ਪਹਾੜੇ ਗਾ ਕੇ ਸਿਖਾਏ ਗਏ। ਗਾਚਣੀ ਤੇ ਸਲੇਟੀਆਂ ਖਾਣ ਦੀ ਆਦਤ ਕਰਕੇ ਘਰ ਦਿਆਂ ਤੋਂ ਮਾਰ ਵੀ ਖਾਧੀ। ਜਦੋਂ ਕਿਸੇ ਸਾਥੀ ਨਾਲ ਲੜਾਈ ਹੋਈ ਤਾਂ ਹੱਥਲੀਆਂ ਫੱਟੀਆਂ ਹੀ ਸਾਡਾ ਪ੍ਰਮੁੱਖ ਹਥਿਆਰ ਬਣੀਆਂ। ਅਸੀਂ ਗੁੱਲੀ-ਡੰਡਾ, ਪਿੱਠੂ, ਬੰਟੇ, ਲੁਕਣ-ਮੀਟੀ, ਸਟਾਪੂ-ਸਮੰਦਰ, ਕੋਟਲਾ-ਛਪਾਕੀ ਅਤੇ ਭੰਡਾ-ਭੰਡਾਰੀਆਂ ਖੇਡਾਂ ਖੇਡ ਕੇ ਮਨ-ਪਰਚਾਵਾ ਕੀਤਾ। ਅਸੀਂ ਵਿਦਾ ਹੁੰਦੀ ਡੋਲੀ ਤੋਂ ਵਾਰੀਆਂ ਪੰਜੀਆਂ-ਦਸੀਆਂ ਚੁੱਕੀਆਂ ਤੇ ਸਾਥੀਆਂ ਨੂੰ ਹੁੱਬ ਹੁੱਬ ਕੇ ਆਪਣੀ ਕਮਾਈ ਦਿਖਾਈ। ਅਸੀਂ ਹਾਂ ਜਿਨ੍ਹਾਂ ਨੇ ਘਰ ਦਾ ਦੁੱਧ, ਦਹੀਂ, ਲੱਸੀ, ਮੱਖਣ ਅਤੇ ਘਿਓ ਰੱਜ ਰੱਜ ਕੇ ਖਾਧਾ।

ਅਸੀਂ ਹਾਂ ਜਿਨ੍ਹਾਂ ਨੇ ਕਿਤਾਬਾਂ-ਕਾਪੀਆਂ ’ਚ ਲੁਕੋ ਕੇ ਪ੍ਰੇਮ-ਪੱਤਰਾਂ ਦਾ ਆਦਾਨ-ਪ੍ਰਦਾਨ ਕੀਤਾ ਤੇ ਆਪਣਾ ਦੋਸਤ ਪਿਆਰਾ ਦੂਰ ਹੋਣ ’ਤੇ ਸ਼ਾਇਦ ਡਾਕੀਏ ਦੀ ਸਭ ਤੋਂ ਵੱਧ ਉਡੀਕ ਕੀਤੀ। ਸਹੀ ਹੱਥਾਂ ’ਚ ਆਪਣਾ ਖ਼ਤ ਸਹੀ-ਸਲਾਮਤ ਪਹੁੰਚਾਉਣ ਲਈ ਡਾਕੀਏ ਦੀ ਮੁੱਠੀ ਵੀ ਗਰਮ ਕੀਤੀ। ਲਾਲ ਰੰਗੇ ਲੈਟਰ ਬਾਕਸ ਵਿੱਚ ਚਿੱਠੀ ਪਾਉਂਦੇ ਸਾਰ ਹੀ ਜਵਾਬ ਦੀ ਉਡੀਕ ਸ਼ੁਰੂ ਕੀਤੀ ਅਤੇ ਹਿਸਾਬ ਲਾਉਣ ਲੱਗਦੇ ਕਿ ਕਿੰਨੇ ਦਿਨਾਂ ਬਾਅਦ ਇਸ ਦਾ ਜਵਾਬ ਆਵੇਗਾ। ਕਿਸੇ ਅਨਮੋਲ ਖ਼ਜਾਨੇ ਵਾਂਗ ਲੁਕੋ-ਲੁਕੋ ਰੱਖੇ ਉਨ੍ਹਾਂ ਜਵਾਬੀ ਖ਼ਤਾਂ ਨੂੰ ਵਾਰ ਵਾਰ ਪੜ੍ਹਦੇ ਤੇ ਖ਼ਤ ਦਾ ਅੱਖਰ-ਅੱਖਰ ਚੇਤੇ ਹੋ ਜਾਂਦਾ। ਕਬੀਲਦਾਰੀ ’ਚ ਪਏ ਤਾਂ ਮੁਹੱਬਤ ਦੀਆਂ ਅਸਥੀਆਂ ਵਾਂਗ ਉਨ੍ਹਾਂ ਖ਼ਤਾਂ ਨੂੰ ਵਗਦੇ ਪਾਣੀ ਵਿੱਚ ਤਾਰ ਆਉਂਦੇ ਅਤੇ ਰਹਿਬਰ ਸਾਹਿਬ ਦੀ ਲਿਖੀ ਤੇ ਜਗਜੀਤ ਸਿੰਘ ਵਲੋਂ ਗਾਈ ਗ਼ਜ਼ਲ, ‘ਤੇਰੇ ਖ਼ੁਸ਼ਬੂ ਮੇਂ ਬਸੇ ਖ਼ਤ ਮੈਂ ਜਲਾਤਾ ਕੈਸੇ...’ ਗੁਣਗੁਣਾਉਂਦੇ। ਅਸੀਂ ਆਲ ਇੰਡੀਆ ਰੇਡੀਉ ਦੀ ਉਰਦੂ ਸਰਵਿਸ ’ਤੇ ਸਵੇਰੇ ‘ਸ਼ਮ-ਏ-ਫ਼ਰੋਜ਼ਾਂ’ ਤੋਂ ਲੈ ਕੇ ਦੇਰ ਰਾਤ ਤੱਕ ‘ਤਾਮੀਲ-ਏ-ਇਰਸ਼ਾਦ’ ਜਿਹੇ ਪ੍ਰੋਗਰਾਮਾਂ ਰਾਹੀਂ ਆਪਣੇ ਪਸੰਦੀਦਾ ਫਿਲਮੀ/ ਗ਼ੈਰ ਫ਼ਿਲਮੀ ਗੀਤਾਂ ਦੀ ਉਡੀਕ ਕਰਦੇ। ਅਮੀਨ ਸਿਆਨੀ ਦੀ ਪੁਰਕਸ਼ਿਸ਼ ਆਵਾਜ਼ ਵਿੱਚ ਬਿਨਾਕਾ ਗੀਤਮਾਲਾ ਰਾਹੀਂ ਉਸ ਹਫ਼ਤੇ ਦੇ ਸੁਪਰਹਿੱਟ ਗੀਤ ਸੁਣਨ ਲਈ ਉਤਾਵਲੇ ਹੁੰਦੇ। ਚਿੱਤਰਹਾਰ ਜਾਂ ਕ੍ਰਿਕਟ ਦਾ ਮੈਚ ਵੇਖਣ ਲਈ ਦੂਰ-ਦੁਰਾਡੇ ਕਿਸੇ ਦੇ ਘਰ ਜਾਂਦੇ। ਅਸੀਂ ਛੱਤ ’ਤੇ ਚੜ੍ਹ ਕੇ ਐਂਟੀਨੇ ਹਿਲਾ-ਹਿਲਾ, ਘੁੰਮਾ-ਘੁੰਮਾ ਕੇ ਟੀਵੀ ਸਕਰੀਨ ’ਤੇ ਹਿਲਦੀਆਂ ਤਸਵੀਰਾਂ ਅਤੇ ਗੁਆਚੀ ਆਵਾਜ਼ ਠੀਕ ਕਰਦੇ। ਅਸੀਂ ਵਿਆਹ ਵਾਲੇ ਘਰ ’ਚ ਛੱਤ ’ਤੇ ਮੰਜੇ ਜੋੜ ਕੇ ਰੱਖੇ ਸਪੀਕਰਾਂ ਰਾਹੀਂ ਤਵਿਆਂ ਵਾਲੇ ਗੀਤ ਸੁਣੇ। ਅਸੀਂ ਭਾਫ ਵਾਲੇ ਕਾਲੇ ਇੰਜਣ ਨੂੰ ਪਟੜੀ ’ਤੇ ਦੌੜਦਿਆਂ ਦੇਖਿਆ। ਅਸੀਂ ਬਿਰਹਾ ਦੇ ਸੁਲਤਾਨ ਸ਼ਿਵ ਨੂੰ ਪੂਰੇ ਸਰੂਰ ’ਚ ਮੰਚ ’ਤੇ ‘ਕੀ ਪੁੱਛਦੇ ਹੋ ਹਾਲ ਫ਼ਕੀਰਾਂ ਦਾ, ਸਾਡਾ ਨਦੀਓਂ ਵਿੱਛੜੇ ਨੀਰਾਂ ਦਾ’ ਹੇਕ ਲਾ ਕੇ ਗਾਉਂਦੇ ਦੇਖਿਆ।

Advertisement

ਅਸੀਂ ਹੀ ਉਹ ਲੋਕ ਹਾਂ ਜਿਨ੍ਹਾਂ ਆਪਣੇ ਮਾਂ-ਪਿਉ ਦੇ ਮੋਢਿਆਂ ’ਤੇ ਬੈਠ ਕੇ ਬਾਜ਼ਾਰ ਅਤੇ ਮੇਲਿਆਂ ਦਾ ਅਨੰਦ ਮਾਣਿਆ ਤੇ ਰਾਮਲੀਲ੍ਹਾ ਦੇ ਮੈਦਾਨ ’ਚ ਲੋਕਾਂ ਦੀ ਅਣਮੁੱਕ ਭੀੜ ’ਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਸੜਦੇ ਪੁਤਲੇ ਦੇਖੇ। ਅਸੀਂ ਰਾਤਾਂ ਨੂੰ ਖੁਲ੍ਹੇ ਵਿਹੜੇ ਜਾਂ ਛੱਤ ’ਤੇ ਮੱਛਰਦਾਨੀਆਂ ਲਾ ਕੇ ਸੌਂਦੇ ਰਹੇ। ਅਸੀਂ ਸਾਈਕਲ ਦੇ ਡੰਡੇ ’ਤੇ ਤੌਲੀਆ ਲਪੇਟ ਕੇ ਬਣਾਈ ਸੀਟ ’ਤੇ ਬੈਠ ਕੇ ‘ਹਵਾਈ ਸਫ਼ਰ’ ਕੀਤਾ। ਅਸੀਂ ਹਾਂ ਜਿਨ੍ਹਾਂ ਨੇ ਪਹਿਲੋਂ ਕੈਂਚੀ ਚਲਾ ਕੇ ਤੇ ਮਗਰੋਂ ਲੱਤ ਘੁੰਮਾ ਕੇ ਕਾਠੀ ’ਤੇ ਬੈਠ ਕੇ ਸਾਈਕਲ ਚਲਾਉਣਾ ਸਿੱਖਿਆ। ਸਾਥੀਆਂ ਨੂੰ ਅੱਗੇ ਪਿੱਛੇ ਬਿਠਾ ਕੇ ਆਵਾਰਾਗਰਦੀ ਵੀ ਕੀਤੀ। ਅਸੀਂ ਹਾਂ ਜਿਨ੍ਹਾਂ ਨੇ ਹਲਟ ਦੀ ਮਾਹਲ ’ਚੋਂ ਚੁਬੱਚੇ ’ਚ ਡਿਗਦੀ ਠੰਢੇ ਪਾਣੀ ਦੀ ਧਾਰ ਹੇਠ ਨਹਾਉਣ ਦਾ ਆਨੰਦ ਲਿਆ, ਜਿਨ੍ਹਾਂ ਨੇ ਆਪਣੇ ਬਾਪੂ ਤੇ ਦਾਦੇ ਨੂੰ ਖੇਤਾਂ ’ਚ ਬੌਲਦਾਂ ਨਾਲ ਸਿਆੜ ਕੱਢਦਿਆਂ ਦੇਖਿਆ ਤੇ ਸੁਹਾਗਾ ਝੂਟਣ ਦਾ ਆਨੰਦ ਲਿਆ। ਅਸੀਂ ਹਾਂ ਜਿਨ੍ਹਾਂ ਨੇ ਬਰਸਾਤਾਂ ਦੀ ਝੜੀ ਵਿੱਚ ਦਾਦੀ ਮਾਂ ਹੱਥੋਂ ਬਣੇ ਪੂੜਿਆਂ ਤੇ ਪਕੌੜਿਆਂ ਦਾ ਸਵਾਦ ਮਾਣਿਆ। ਵਗਦੇ ਪਾਣੀ ਵਿੱਚ ਕਾਗ਼ਜ਼ ਦੀਆਂ ਕਿਸ਼ਤੀਆਂ ਚਲਾਈਆਂ।

Advertisement

ਅਸੀਂ ਹਾਂ ਜਿਨ੍ਹਾਂ ਨੇ ਨਾਨਕ ਸਿੰਘ ਅਤੇ ਗੁਲਸ਼ਨ ਨੰਦਾ ਦੇ ਨਾਵਲ ਕਿਰਾਏ ’ਤੇ ਲੈ ਕੇ ਕਿਸੇ ਵਰਜਿਤ ਪੁਸਤਕ ਵਾਂਗ ਸਿਲੇਬਸ ਦੀਆਂ ਕਿਤਾਬਾਂ ਹੇਠ ਲੁਕੋ-ਲੁਕੋੋ ਕੇ ਪੜ੍ਹੇ ਅਤੇ ਆਪ ਵੀ ਕੱਚੇ-ਪੱਕੇ ਅਫ਼ਸਾਨੇ ਲਿਖਣ ਤੇ ਤੁਕਬੰਦੀ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਹੀ ਸ਼ਾਇਦ ਉਸ ਆਖ਼ਰੀ ਪੀੜ੍ਹੀ ਦੇ ਲੋਕ ਹੋਵਾਂਗੇ ਜਿਨ੍ਹਾਂ ਪਿਆਰ ਦਾ ਇਜ਼ਹਾਰ ਕਰਨ ਲਈ ਸਾਲਾਂ ਬੱਧੀ ਉਡੀਕ ਕੀਤੀ ਅਤੇ ਆਪਣੇ ਮਾਤਾ-ਪਿਤਾ ਤੇ ਖਾਨਦਾਨ ਦੀ ਇੱਜਤ ਖ਼ਾਤਿਰ ਆਪਣੇ ਅਰਮਾਨਾਂ ਦਾ ਆਪਣੇ ਹੱਥੀਂ ਗਲਾ ਘੁੱਟ ਲਿਆ। ਜੀ ਹਾਂ ਅਸੀਂ ਹੀ ਉਸ ਆਖ਼ਰੀ ਪੀੜ੍ਹੀ ਦੇ ਕੁਝ ਬਚੇ-ਖੁਚੇ ਲੋਕ ਹਾਂ ਜਿਨ੍ਹਾਂ ਨੇ ਅਜਿਹਾ ਹੋਰ ਬਹੁਤ ਕੁਝ ਦੇਖਿਆ, ਸੁਣਿਆ, ਪੜ੍ਹਿਆ, ਹੰਢਾਇਆ ਤੇ ਨਿਭਾਇਆ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਜੂਬਾ ਲੱਗੇਗਾ।

ਸੰਪਰਕ: 98761-56964

Advertisement
×