ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਹਿਲੇ ਖੁਦ ਤੋ ਸੁਧਰ ਜਾਓ !

ਇਸ ਵਾਰ ਬੇਟੀ ਦੇ ਸਕੂਲ ਵਿੱਚ ਹੋਣ ਵਾਲੀ ਮਾਪੇ-ਅਧਿਆਪਕ ਮੀਟਿੰਗ ’ਤੇ ਜਾਣ ਦੀ ਵਾਰੀ ਮੇਰੀ ਸੀ। ‘ਪਾਪਾ ! ਤੁਸੀਂ ਮੀਟਿੰਗ ਵਿੱਚ ਟੀਚਰ ਨੂੰ ਮਿਲਣ ਮੌਕੇ ਕਾਹਲੀ ਨਾ ਕਰਿਓ।’ ਬੇਟੀ ਦਾ ਸਖ਼ਤ ਫ਼ਰਮਾਨ ਹੋਣ ਕਾਰਨ, ਮੈਂ ਦਫਤਰੋਂ ਅੱਧੀ ਛੁੱਟੀ ਲੈ ਲਈ...
Advertisement

ਇਸ ਵਾਰ ਬੇਟੀ ਦੇ ਸਕੂਲ ਵਿੱਚ ਹੋਣ ਵਾਲੀ ਮਾਪੇ-ਅਧਿਆਪਕ ਮੀਟਿੰਗ ’ਤੇ ਜਾਣ ਦੀ ਵਾਰੀ ਮੇਰੀ ਸੀ। ‘ਪਾਪਾ ! ਤੁਸੀਂ ਮੀਟਿੰਗ ਵਿੱਚ ਟੀਚਰ ਨੂੰ ਮਿਲਣ ਮੌਕੇ ਕਾਹਲੀ ਨਾ ਕਰਿਓ।’ ਬੇਟੀ ਦਾ ਸਖ਼ਤ ਫ਼ਰਮਾਨ ਹੋਣ ਕਾਰਨ, ਮੈਂ ਦਫਤਰੋਂ ਅੱਧੀ ਛੁੱਟੀ ਲੈ ਲਈ ਤੇ ਮੀਟਿੰਗ ਦੇ ਸਹੀ ਸਮੇਂ ’ਤੇ ਸਕੂਲ ਪਹੁੰਚ ਗਿਆ।

ਸਕੂਲ ਦੀਆਂ ਪੌੜੀਆਂ ਚੜ੍ਹਦੀ ਬੇਟੀ ਮੈਨੂੰ ਵੱਖ-ਵੱਖ ਮੰਜ਼ਿਲਾਂ ’ਤੇ ਲੱਗਣ ਵਾਲੀਆਂ ਕਲਾਸਾਂ ਬਾਰੇ ਦੱਸਦੀ ਜਾ ਰਹੀ ਸੀ। ਜਦੋਂ ਅਸੀਂ ਦੂਸਰੀ ਮੰਜ਼ਿਲ ’ਤੇ ਪਹੁੰਚੇ ਤਾਂ ਮੇਰਾ ਸਾਹ ਫੁਲਦਾ ਵੇਖ ਧੀ ਨੇ ਕਿਹਾ, ‘ਪਾਪਾ, ਲੈਫਟ ਮੁੜ ਕੇ ਆਹ ਵੇਖੋ, 10ਵੀਂ ਏ, ਬੀ, ਸੀ ਤੇ ਫਿਰ ਮੇਰੀ ਕਲਾਸ ‘ਡੀ’, ਆਹ ਚੌਥਾ ਕਮਰਾ ਐ।’ ‘ਨਹੀਂ, ਨਹੀਂ ਕੋਈ ਗੱਲ ਨਹੀਂ ਬੇਟਾ, ਹੁਣ ਪੌੜੀਆਂ ਘੱਟ-ਵੱਧ ਹੀ ਚੜ੍ਹੀਦਾ ਹੈ ਇਸ ਕਰਕੇ ਸਾਹ ਚੜ੍ਹ ਗਿਆ।’ ਅਸੀਂ ਗੱਲਾਂ ਕਰਦੇ ਉਸ ਦੇ ਕਮਰੇ ਕੋਲ ਪਹੁੰਚ ਗਏ। ਸਾਡੇ ਤੋਂ ਪਹਿਲਾਂ ਕਮਰੇ ਵਿੱਚ ਇਕ ਹੋਰ ਮਾਂ-ਬਾਪ, ਆਪਣੇ ਬੇਟੇ ਨਾਲ ਬੈਂਚ ’ਤੇ ਬੈਠੇ ਸਨ।

Advertisement

ਸਾਡੀ ‘ਗੁੱਡ-ਮਾਰਨਿੰਗ ਮੈਡਮ’ ਦਾ ‘ਗੁੱਡ-ਮਾਰਨਿੰਗ’ ਨਾਲ ਹੀ ਜਵਾਬ ਦਿੰਦਿਆਂ, ਮੈਡਮ ਨੇ ਸਾਹਮਣੇ ਪਏ ਬੈਂਚ ’ਤੇ ਬੈਠਣ ਦਾ ਇਸ਼ਾਰਾ ਕੀਤਾ। ‘ਪਹਿਲੇ ਆਪ ਆਰਾਧਿਆ ਕੇ ਪੇਪਰ ਚੈੱਕ ਕਰ ਲੋ, ਔਰ ਟੋਟਲ ਭੀ ਦੇਖ ਲੋ...ਫਿਰ ਯੇ ਫਾਰਮ ਧਿਆਨ ਸੇ ਚੈੱਕ ਕਰਕੇ, ਇਸ ਪਰ ਸਿਗਨੇਚਰ ਕਰ ਦੇਨਾ, ਕਿਉਂਕਿ ਟੈਂਥ ਕੇ ਸਰਟੀਫਿਕੇਟ ਪਰ ਯਹੀ ਪ੍ਰਿੰਟ ਹੋ ਕੇ ਆਏਗਾ...ਔਰ ਏਕ ਯੇ ਬੇਟੀ ਕਾ ਪੇਰੈਂਟਸ-ਇਵੈਲੁਏਸ਼ਨ ਪ੍ਰਫੌਰਮਾ ਹੈ, ਜਿਸ ਮੇਂ ਆਪਕੇ ਬੱਚੇ ਕੀ ਘਰ ਪਰ ਆਦਤੋਂ ਔਰ ਬਿਹੇਵੀਅਰ (ਵਰਤਾਉ) ਕੇ ਬਾਰੇ ਮੇਂ ਕੁਛ ਸਵਾਲ ਪੂਛੇ ਗਏ ਹੈਂ, ਅਗਰ ਬੱਚਾ ਬਿਲਕੁਲ ਪਰਫੈਕਟ ਹੈ ਤੋ ਏਕ ਨੰਬਰ ਦੇ ਦੇਨਾ...ਅਗਰ ‘ਕਭੀ ਹਾਂ ਕਭੀ ਨਾਂਹ’ ਤੋਂ ਆਧਾ ਨੰਬਰ...ਔਰ ਅਗਰ ਬਿਲਕੁਲ ਨਹੀਂ ਤੋ ਜ਼ੀਰੋ ਲਗਾ ਕੇ ਇਸ ਫਾਰਮ ਕੋ ਪੂਰਾ ਫਿਲ ਕਰ ਦੇਨਾ।’ ਬੇਟੀ ਵੱਲ ਵੇਖਦਿਆਂ ਮੁਸਕਰਾਉਂਦੇ ਹੋਏ, ਮੈਡਮ ਨੇ ਪੇਪਰਾਂ ਦਾ ਬੰਡਲ ਅਤੇ ਦੋਵੇਂ ਫਾਰਮ ਮੇਰੇ ਵੱਲ ਵਧਾ ਦਿੱਤੇ। ਮੈਡਮ ਤੋਂ ਪੇਪਰਾਂ ਦਾ ਬੰਡਲ ਅਤੇ ਬਾਕੀ ਕਾਗਜ਼ ਫੜਦਿਆਂ, ਮੈਂ ਐਨਕ ਲਗਾਉਣ ਲਈ ਜਿਉਂ ਹੀ ਜੇਬ ਵੱਲ ਹੱਥ ਵਧਾਇਆ ਤਾਂ ਚੇਤਾ ਆਇਆ ਕਿ ਐਨਕ ਤਾਂ ਕਾਰ ਵਿੱਚ ਹੀ ਭੁੱਲ ਆਇਆ ਹਾਂ। ‘ਬੇਟਾ, ਭੱਜ ਕੇ ਕਾਰ ਵਿਚੋਂ ਮੇਰੀ ਐਨਕ ਲੈ ਕੇ ਆ।’ ਮੈਂ ਕਾਰ ਦੀ ਚਾਬੀ ਬੇਟੀ ਨੂੰ ਦਿੰਦਿਆਂ ਕਿਹਾ। ਬੇਟੀ ਕਾਰ ਦੀ ਚਾਬੀ ਲੈ ਕੇ ਐਨਕ ਲੈਣ ਚਲੀ ਗਈ ਅਤੇ ਮੈਂ ਕਲਾਸ ਵਿੱਚ ਲੱਗੇ ਬੈਂਚਾਂ ਦੀ ਪਿਛਲੀ ਕਤਾਰ ਵਿੱਚ ਬੈਠ ਕੇ ਬੇਟੀ ਦੇ ਪੇਪਰ ਉਲਟਾਉਣ-ਪਲਟਾਉਣ ਲੱਗਿਆ।

ਅਧਿਆਪਕਾ ਨੂੰ ਇਕੱਲੀ ਬੈਠੀ ਵੇਖ ਕੇ ਪਹਿਲਾਂ ਤੋਂ ਆਪਣੇ ਬੱਚੇ ਦੇ ਪੇਪਰ ਚੈੱਕ ਕਰ ਰਹੇ ਮਾਂ-ਬਾਪ, ਬੱਚੇ ਨੂੰ ਲੈ ਕੇ ਮੈਡਮ ਕੋਲ ਆ ਗਏ। ‘ਮੈਡਮ, ਪਲੀਜ਼ ਸਾਹਿਲ ਦੀ ਚੰਗੀ ਤਰ੍ਹਾਂ ਖਿਚਾਈ ਕਰੋ, ਕਿਸੇ ਸਬਜੈਕਟ ਵਿੱਚੋਂ ਪੂਰੇ ਨੰਬਰ ਨਹੀਂ ਆਏ। ਅਸੀਂ ਬਹੁਤ ਪ੍ਰੇਸ਼ਾਨ ਆਂ। ਜਦੋਂ ਆਟੋ ਵਾਲਾ ਬਾਹਰ ਆ ਕੇ ਹਾਰਨ ਮਾਰਨੇ ਸ਼ੁਰੂ ਕਰਦਾ ਏ ਉਦੋਂ ਜਨਾਬ ਨਹਾਉਣ ਲਈ ਬਾਥਰੂਮ ਵਿੱਚ ਵੜ੍ਹਦੇ ਨੇ। ਸਾਰਾ ਦਿਨ ਮੋਬਾਈਲ ਦਾ ਖਹਿੜਾ ਨਹੀਂ ਛੱਡਦਾ, ਜੇ ਮੈਂ ਆਪਣਾ ਮੋਬਾਈਲ ਫੜਦੀ ਆਂ ਤਾਂ ਆਪਣੇ ਪਾਪਾ ਵਾਲਾ ਚੁੱਕ ਲੈਂਦਾ ਏ। ਅੱਧੀ-ਅੱਧੀ ਰਾਤ ਤੱਕ ਕ੍ਰਿਕਟ ਦੇ ਮੈਚ ਵੇਖਦਾ ਏ ਤੇ ਸਕੂਲ ਆਉਣ ਵੇਲੇ ਸਾਡੇ ਨਾਲ ਲੜਦਾ ਏ, ਮੇਰੀ ਫਲਾਣੀ ਕਾਪੀ ਨਹੀਂ ਲੱਭਦੀ, ਓਹ ਕਿਤਾਬ ਨਹੀਂ ਲੱਭਦੀ। ਬੱਸ, ਟਿਊਸ਼ਨ ’ਤੇ ਦੋ ਘੰਟੇ ਪੜ੍ਹ ਆਉਂਦੈ, ਉਸ ਤੋਂ ਬਾਅਦ ਮਜਾਲ ਐ ਜੇ ਸਾਰਾ ਦਿਨ ਕਿਤਾਬ ਨੂੰ ਹੱਥ ਲਾਉਂਦਾ ਹੋਵੇ। ਐਡਾ ਵੱਡਾ ਹੋ ਗਿਆ ਜੀ, ਬੂਟ ਵੀ ਇਹਦੇ ਪਾਪਾ ਪਾਲਿਸ਼ ਕਰਦੇ ਨੇ।’ ਐਨੀਆਂ ਸ਼ਿਕਾਇਤਾਂ ਸੁਣ ਕੇ ਮੈਡਮ ਦਾ ਧੀਰਜ ਜਵਾਬ ਦੇ ਗਿਆ ਅਤੇ ਉਹ ਤੈਸ਼ ਵਿੱਚ ਆ ਕੇ ਸਾਹਿਲ ਨੂੰ ਕਾਫੀ ਉੱਚੀ ਆਵਾਜ਼ ਵਿੱਚ ਡਾਂਟਣ ਲੱਗੀ, ‘ਬੇਟਾ ਯੇ ਮੈਂ ਕਿਆ ਸੁਨ ਰਹੀ ਹੂੰ...।’ ‘ਮੈਡਮ, ਪੱਕਾ ਢੀਠ ਐ ਜੀ, ਬੇਟਾ-ਬੇਟਾ ਕਹਿ ਕੇ ਨਹੀਂ ਇਹ ਸੁਧਰਨ ਵਾਲਾ, ਏਹਦੀ ਤਾਂ ਚੰਗੀ ਪਿਟਾਈ ਹੋਣੀ ਚਾਹੀਦੀ ਐ।’ ਮਾਂ ਨੂੰ, ਮੈਡਮ ਦੁਆਰਾ ਸਾਹਿਲ ਨੂੰ ਪਾਈ ਡਾਂਟ ਨਾ-ਕਾਫੀ ਲੱਗ ਰਹੀ ਸੀ। ‘ਸਾਹਿਲ, ਲਿਸਨ ਕੇਅਰਫੁਲੀ। ਇਸ ਬਾਰ ਤੋਂ ਛੋੜ ਰਹੀ ਹੂੰ, ਅਗਰ ਦੁਬਾਰਾ ਤੇਰੀ ਕੋਈ ਸ਼ਿਕਾਇਤ ਆਈ ਨਾ ! ਫਿਰ ਨਾ ਕਹਿਨਾ ਕਿ ਮੈਡਮ ਨੇ ਸਾਰੀ ਕਲਾਸ ਮੇਂ ਬੇਜ਼ਤੀ ਕਰ ਦੀ...ਸਮਝੇ।’ ਇਹ ਕਹਿ ਕੇ ਮੈਡਮ, ਸਾਹਿਲ ਦੀ ਮਾਂ ਦੇ ਹੱਥੋਂ ਬੱਚੇ ਦੀ ਜਾਣਕਾਰੀ ਚੈੱਕ ਕਰਨ ਵਾਲਾ ਅਤੇ ਬੱਚੇ ਦੀਆਂ ਆਦਤਾਂ ਅਤੇ ਵਰਤਾਉ ਸਬੰਧੀ ਭਰਿਆ ਫਾਰਮ ਫੜ ਕੇ ਧਿਆਨ ਨਾਲ ਪੜ੍ਹਨ ਲੱਗੀ ਅਤੇ ਇਕਦਮ ਗੰਭੀਰ ਹੁੰਦੇ ਹੋਏ ਬੋਲੀ, ‘ਆਈ ਐਮ ਰੀਅਲੀ ਵੈਰੀ ਸੌਰੀ, ਸਾਹਿਲ ਬੇਟਾ! ਮੈਨੇ ਆਪਕੇ ਮੰਮੀ-ਪਾਪਾ ਕੇ ਕਹਿਨੇ ਪੇ, ਆਪਕੋ ਗਲਤ ਡਾਂਟ ਦੀਆ, ਬੱਟ ਆਈ ਥਿੰਕ ਯੂ ਡਿਜ਼ਰਵ ਸਮ ਐਪਰੀਸੀਏਸ਼ਨ।’ ਫਿਰ ਮੈਡਮ, ਸਾਹਿਲ ਦੇ ਮੰਮੀ-ਪਾਪਾ ਨੂੰ ਮੁਖਾਤਿਬ ਹੋ ਕੇ ਬੋਲੀ, ‘ਜੈਸੀ ਕੰਪਲੇਂਟਸ ਆਪਨੇ ਕੀ ਹੈ ਨਾ, ਲਗਭਗ ਵੋ ਸਭੀ ਇਸ ਫਾਰਮ ਮੇਂ ਥੀ। ਜੈਸੇ ਕਿ ਬੱਚਾ ਘਰ ਪੇ ਸੈਲਫ-ਸਟੱਡੀ ਕਰਤਾ ਹੈ ? ਜਲਦੀ ਉੱਠਤਾ ਹੈ ? ਮੋਬਾਈਲ ਪੇ ਯਾ ਸੋਸ਼ਲ ਮੀਡੀਆ ਪੇ, ਸਮਯ ਵੇਸਟ ਤੋਂ ਨਹੀਂ ਕਰਤਾ ? ਰਾਤ ਕੋ ਅਪਨਾ ਬੈਗ ਤਿਆਰ ਕਰਕੇ ਸੋਤਾ ਹੈ ? ਵਗੈਰਾ ਵਗੈਰਾ!! ਔਰ ਆਪ ਨੇ ਸਭੀ ਜਗ੍ਹਾ ਇਸ ਕੋ ਪੂਰਾ ਏਕ ਮੇਂ ਸੇ ਏਕ ਨੰਬਰ ਦੇ ਰਖਾ ਹੈ। ਪੂਰੇ ਦਸ ਮਾਰਕਸ। ਅਬ ਆਪ ਹੀ ਬਤਾਓ? ਮੈਂ ਕਿਸ ਕੋ ਸੱਚ ਮਾਨੂੰ, ਜੋ ਆਪਣੇ ਮੁਝਸੇ ਬੋਲਾ ਹੈ, ਯਾ ਫਿਰ ਜੋ ਆਪਣੇ ਲਿਖਾ ਹੈ ? ਏਕ ਤੋ ਪੱਕਾ ਹੀ ਗਲਤ ਹੈ ?’ ਕਹਿੰਦੇ ਹੀ ਮੈਡਮ ਨੇ ਖਿੱਝ ਕੇ ਹੱਥ ਵਿੱਚ ਫੜਿਆ ‘ਪੇਰੈਂਟਸ-ਇਵੈਲੁਏਸ਼ਨ ਪ੍ਰਫੌਰਮਾ’ ਸਾਹਿਲ ਦੇ ਮਾਪਿਆਂ ਵੱਲ ਵਧਾ ਦਿੱਤਾ।

‘ਮੈਡਮ, ਬੋਲਿਆ ਤਾਂ ਅਸੀਂ ਕੁਝ ਵੀ ਝੂਠ ਨਹੀਂ ਜੀ। ਹਾਂ ਪਰ ਫਾਰਮ ਵਿੱਚ ਝੂਠ ਇਸ ਲਈ ਲਿਖ ਦਿੱਤਾ ਕਿਉਂਕਿ ਇਹ ਨੰਬਰ ਇਸ ਦੀ ਇੰਟਰਨਲ ਅਸੈਸਮੈਂਟ ਵਿੱਚ ਜੁੜਨਗੇ।’ ਦੁਬਿਧਾ ਵਿੱਚ ਫਸੀ ਮਾਂ ਨੇ ਗਲਤੀ ਮੰਨਦਿਆਂ ਕਿਹਾ।

‘ਊਪਰ ਸੇ ਕਹਿਤੇ ਹੋ ਕਿ ਬੱਚੇ ਹਮਾਰੀ ਸੁਨਤੇ ਨਹੀਂ, ਮੋਬਾਈਲ ਦੇਖਤੇ ਹੈਂ, ਝੂਠ ਬੋਲਤੇ ਹੈ। ਅਰੇ ਭਾਈ, ਪਹਿਲੇ ਖੁਦ ਤੋ ਸੁਧਰ ਜਾਓ ! ਫਿਰ ਹੀ ਬੱਚੇ ਸੁਧਰੇਂਗੇ।’ ਬੁੜ-ਬੁੜਾਉਂਦੀ ਹੋਈ ਮੈਡਮ ਨੇ ਚੁੱਕ ਕੇ ਸਾਹਿਲ ਦਾ ਪ੍ਰਫੌਰਮਾ ਇਕ ਪਾਸੇ ਰੱਖ ਲਿਆ।

ਹੁਣ ਤੱਕ ਬੇਟੀ ਐਨਕ ਚੁੱਕ ਲਿਆਈ ਸੀ ਅਤੇ ਮੈਂ ਆਪਣੇ ਕੰਮ ਵਿੱਚ ਮਸਰੂਫ ਹੋ ਗਿਆ।

ਸੰਪਰਕ: 98156-64444

Advertisement
Show comments