ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਮਈ
ਥਾਣਾ ਨਿਹਾਲ ਸਿੰਘ ਵਾਲਾ ਪੁਲੀਸ ਨੇ ਮੁਢਲੀ ਜਾਂਚ ਬਾਅਦ ਇੱਕ ਐੱਨਆਰਆਈ ਖ਼ਿਲਾਫ਼ ਆਪਣੇ ਹੀ ਐੱਨਆਰਆਈ ਰਿਸ਼ਤੇਦਾਰ ਦੀ ਹੱਤਿਆ ਲਈ ਨੌਜਵਾਨ ਨੂੰ ਉਕਸਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਥਾਣੇਦਾਰ ਕੇਵਲ ਸਿੰਘ ਮੁਤਾਬਕ ਐੱਨਆਰਆਈ ਮੱਘਰ ਸਿੰਘ ਪਿੰਡ ਘੋਲੀਆ ਖੁਰਦ ਹਾਲ ਆਬਾਦ ਯੂਐੱਸਏ ਦੀ ਸ਼ਿਕਾਇਤ ਉੱਤੇ ਐੱਨਆਰਆਈ ਰੂਪ ਸਿੰਘ ਪਿੰਡ ਮਾੜੀ ਮੁਸਤਫ਼ਾ ਹਾਲ ਆਬਾਦ ਯੂਐੱਸਏ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐੱਨਆਰਆਈ ਮੱਘਰ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਇਸੇ ਸਾਲ ਫ਼ਰਵਰੀ ਮਹੀਨੇ ਭਾਰਤ ਆਇਆ ਸੀ ਅਤੇ ਆਪਣੇ ਪਿੰਡ ਘੋਲੀਆ ਖੁਰਦ ’ਚ ਕਬੱਡੀ ਦਾ ਟੂਰਨਾਮੈਂਟ ਕਰਵਾ ਰਿਹਾ ਸੀ। ਇਸ ਦੌਰਾਨ ਉਸ ਨੂੰ ਇਹ ਪਤਾ ਲੱਗਾ ਕਿ ਮੁਲਜ਼ਮ ਐੱਨਆਰਆਈ ਰੂਪ ਸਿੰਘ ਨੇ ਆਪਣੇ ਇੱਕ ਰਿਸ਼ਤੇਦਾਰ ਗੁਰਪਿੰਦਰ ਸਿੰਘ ਉਰਫ਼ ਗੋਲੂ ਨੂੰ ਉਕਸਾਇਆ ਕਿ ਉਹ ਐੱਨਆਰਆਈ ਮੱਘਰ ਸਿੰਘ ਦੀ ਕਬੱਡੀ ਖੇਡ ਦੌਰਾਨ ਉਸ ਦੀ ਕੁੱਟਮਾਰ ਕਰਕੇ ਬੇਇਜ਼ਤੀ ਕਰ ਦੇਵੇਗਾ ਤਾਂ ਦੋ ਲੱਖ ਰੁਪਏ ਤੇ ਜੇ ਹੱਤਿਆ ਕਰ ਦੇਵੇਗਾ ਤਾਂ 20 ਲੱਖ ਰੁਪਏ ਦੇਵੇਗਾ। ਪੁਲੀਸ ਮੁਤਾਬਕ ਗੁਰਪਿੰਦਰ ਸਿੰਘ ਉਰਫ਼ ਗੋਲੂ ਨੇ ਅਜਿਹਾ ਨਹੀਂ ਕੀਤਾ ਇਸ ਬਾਬਤ ਸਾਰੀ ਜਾਣਕਾਰੀ ਉਕਤ ਸ਼ਿਕਾਇਤਕਰਤਾ ਐੱਨਆਰਆਈ ਮੱਘਰ ਨੂੰ ਦੇ ਦਿੱਤੀ। ਪੁਲੀਸ ਮੁਤਾਬਕ ਪੀੜਤ ਅਤੇ ਮੁਲਜ਼ਮ ਦੋਵੇਂ ਪਰਵਾਸੀ ਪੰਜਾਬੀ ਹਨ ਅਤੇ ਯੂਐੱਸਏ ਰਹਿੰਦੇ ਹਨ ਅਤੇ ਆਪਸ ਵਿੱਚ ਰਿਸ਼ਤੇਦਾਰ ਹਨ। ਐੱਨਆਰਆਈ ਮੱਘਰ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਉੱਤੇ ਮੁਢਲੀ ਜਾਂਚ ਪੜਤਾਲ ਬਾਅਦ ਕੇਸ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।