ਭਾਜਪਾ ਦੇ ਰਾਜ ’ਚ ਔਰਤਾਂ ਸੁਰੱਖਿਅਤ ਨਹੀਂ: ਸੁਨੈਨਾ ਚੌਟਾਲਾ
ਪ੍ਰਭੂ ਦਿਆਲ
ਸਿਰਸਾ, 27 ਮਈ
ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀ ਮਹਿਲਾ ਵਿੰਗ ਦੀ ਸੂਬਾਈ ਇੰਚਾਰਜ ਸੁਨੈਨਾ ਚੌਟਾਲਾ ਨੇ ਕਿਹਾ ਕਿ ਭਾਜਪਾ ਦੇ ਰਾਜ ’ਚ ਮਹਿਲਾਵਾਂ ਸੁਰੱਖਿਅਤ ਨਹੀਂ ਹਨ। ਹਰ ਰੋਜ਼ ਔਰਤਾਂ ਨਾਲ ਜਬਰ ਜਨਾਹ, ਲੁਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਭਾਜਪਾ ਦੇ ਰਾਜ ਸਭਾ ਮੈਂਬਰ ਰਾਮ ਚੰਦਰ ਜਾਂਗੜਾ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਦੀਆਂ ਪੀੜਤ ਮਹਿਲਾਵਾਂ ਬਾਰੇ ਕੀਤੀ ਗਈ ਟਿਪਣੀ ਨਿੰਦਣਯੋਗ ਹੈ। ਭਾਜਪਾ ਨੂੰ ਅਜਿਹੇ ਆਗੂ ਨੂੰ ਤੁਰੰਤ ਪਾਰਟੀ ’ਚੋਂ ਬਾਹਰ ਦਾ ਰਾਹ ਦਿਖਾਉਣਾ ਚਾਹੀਦਾ ਹੈ। ਉਹ ਅੱਜ ਡੱਬਵਾਲੀ ਰੋਡ ਸਥਿਤ ਇਨੈਲੋ ਦੇ ਜ਼ਿਲ੍ਹਾ ਦਫ਼ਤਰ ’ਚ ਮਹਿਲਾ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਅੱਜ ਸੂਬੇ ਵਿੱਚ ਇਨੈਲੋ ਇੱਕੋ ਇੱਕ ਰਾਜਨੀਤਕ ਪਾਰਟੀ ਹੈ ਜੋ ਔਰਤਾਂ ਦੇ ਹਿੱਤਾਂ ਲਈ ਲੜ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਦੇ ਸ਼ਾਸਨ ਵਿੱਚ ਔਰਤਾਂ ਕਿਸੇ ਵੀ ਰੂਪ ਵਿੱਚ ਸੁਰੱਖਿਅਤ ਨਹੀਂ ਹਨ। ਸੁਨੈਨਾ ਚੌਟਾਲਾ ਨੇ ਕਿਹਾ ਕਿ ਸਾਬਕਾ ਉਪ ਪ੍ਰਧਾਨ ਮੰਤਰੀ ਮਰਹੂਮ ਚੌਧਰੀ ਦੇਵੀ ਲਾਲ ਅਤੇ ਸਾਬਕਾ ਮੁੱਖ ਮੰਤਰੀ ਮਰਹੂਮ ਓਮ ਪ੍ਰਕਾਸ਼ ਚੌਟਾਲਾ ਨੇ ਔਰਤਾਂ ਦੀ ਭਲਾਈ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਸਨ। ਉਨ੍ਹਾਂ ਔਰਤਾਂ ਨੂੰ ਰਾਜਨੀਤਿਕ ਅਤੇ ਸਮਾਜਿਕ ਤੌਰ ’ਤੇ ਅੱਗੇ ਵਧਣ ਦੀ ਅਪੀਲ ਕੀਤੀ ਅਤੇ ਇਨੈਲੋ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਇਸ ਤੋਂ ਪਹਿਲਾਂ ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸਾ ਨੇ ਇਨੈਲੋ ਔਰਤਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਇਨੈਲੋ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਤਨੁਜਾ ਕਸ਼ਯਪ, ਜ਼ਿਲ੍ਹਾ ਪ੍ਰਧਾਨ ਸੁਭੱਦਰਾ ਦੇਵੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਮਹਿਲਾਵਾਂ ਨੂੰ ਪਾਰਟੀ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।