ਕਣਕ ਨੂੰ ਅੱਗ: ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 35 ਹਜ਼ਾਰ ਦੀ ਵਿੱਤੀ ਮਦਦ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 4 ਮਈ
ਭਗਤਾ ਭਾਈ ਦੇ ਕੋਠੇ ਭਾਈਆਣਾ ਸਾਹਿਬ ਨੇੜਲੇ ਖੇਤਾਂ 'ਚ ਬੀਤੇ ਦਿਨੀਂ ਭਾਰੀ ਅੱਗ ਲੱਗਣ ਕਾਰਨ ਜਿਨ੍ਹਾਂ ਕਿਸਾਨਾਂ ਦੀ ਕਣਕ ਦੀ ਫ਼ਸਲ ਸੜ ਗਈ ਸੀ, ਨੂੰ ਐੱਨਆਰਆਈਜ਼ ਤੇ ਨਗਰ ਨਿਵਾਸੀਆਂ ਦੇ ਯਤਨਾਂ ਸਦਕਾ ਪ੍ਰਤੀ ਏਕੜ 35 ਹਜਾਰ ਮਾਲੀ ਮੱਦਦ ਵਜੋਂ ਦਿੱਤੇ ਗਏ ਹਨ ਜਿਸ ਤਹਿਤ ਬਲਕਾਰ ਸਿੰਘ ਨੂੰ 2 ਲੱਖ 10 ਹਜ਼ਾਰ, ਅਜਮੇਰ ਸਿੰਘ ਨੂੰ 2 ਲੱਖ 10 ਹਜ਼ਾਰ, ਜਗਤਾਰ ਸਿੰਘ ਨੂੰ 1 ਲੱਖ 75 ਹਜ਼ਾਰ, ਬਲਰਾਜ ਸਿੰਘ ਨੂੰ 1 ਲੱਖ 75 ਹਜ਼ਾਰ ਰੁਪਏ, ਪ੍ਰਗਟ ਸਿੰਘ ਨੂੰ 79 ਹਜ਼ਾਰ, ਨਛੱਤਰ ਸਿੰਘ ਨੂੰ 44 ਹਜ਼ਾਰ ਦੀ ਮਾਲੀ ਮਦਦ ਕੀਤੀ ਗਈ। ਇਸ ਮੌਕੇ ਸੁਖਜਿੰਦਰ ਖਾਨਦਾਨ, ਜਸਪ੍ਰੀਤ ਸਿੰਘ ਬੂਟਾ ਤੇ ਸੁਖਚੈਨ ਸਿੰਘ ਚੈਨਾ ਨੇ ਦੱਸਿਆ ਕਿ ਪਿੰਡ ਵਾਸੀਆਂ ਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਕਰੀਬ 20 ਲੱਖ ਰੁਪਏ ਇਕੱਠੇ ਹੋਏ ਹਨ, ਜਿਨ੍ਹਾਂ ’ਚੋਂ 9 ਲੱਖ ਰੁਪਏ ਕਿਸਾਨਾਂ ਨੂੰ ਵੰਡੇ ਗਏ ਹਨ ਤੇ ਕਰੀਬ 11 ਲੱਖ ਰੁਪਏ ਬਾਕੀ ਹਨ। ਉਨ੍ਹਾਂ ਦੱਸਿਆ ਕਿ ਬਾਕੀ ਬਚੇ ਪੈਸਿਆਂ ਨਾਲ ਨਗਰ ਵਾਸੀਆਂ ਨੇ ਸਰਬਸੰਮਤੀ ਨਾਲ ਪਿੰਡ ਦੀ ਸਹੂਲਤ ਲਈ ਨਿੱਜੀ ਫਾਇਰ ਬ੍ਰਿਗੇਡ ਲਿਆਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਭਵਿੱਖ ’ਚ ਅੱਗ ਕਾਰਨ ਵਾਪਰ ਵਾਲੀਆਂ ਘਟਨਾਵਾਂ ਮੌਕੇ ਸਮੇਂ ਸਿਰ ਮਦਦ ਕੀਤੀ ਜਾ ਸਕੇ। ਉਨ੍ਹਾਂ ਨੇ ਦਾਨੀ ਪਰਿਵਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਦਰਸ਼ਨ ਸਿੰਘ ਭਾਈਕੇ, ਡਾ. ਨਿਰਭੈ ਸਿੰਘ ਭਗਤਾ, ਅਵਤਾਰ ਤਾਰੀ, ਗੁਰਚਰਨ ਸਿੰਘ ਖਾਲਸਾ, ਸਤਵਿੰਦਰਪਾਲ ਪਿੰਦਰ, ਕਾਕਾ ਖਾਨਦਾਨ, ਸਰਪੰਚ ਹਰਪ੍ਰੀਤ ਸਿੱਧੂ, ਹਰਪਿੰਦਰ ਬੱਬੂ, ਜਸਪਾਲ ਵੜਿੰਗ, ਵਿੱਕੀ ਸਿੱਧੂ ਤੇ ਜਗਰੂਪ ਰੂਪਾ ਹਾਜ਼ਰ ਸਨ।