ਮਾਨਸਾ ਦੇ ਭੀਖੀ ਬਲਾਕ ਨੂੰ ਤੋੜਨ ਦਾ ਮਾਮਲਾ ਮੁੱਖ ਮੰਤਰੀ ਦਰਬਾਰ ਪੁੱਜਾ
ਜੋਗਿੰਦਰ ਸਿੰਘ ਮਾਨ
ਮਾਨਸਾ, 16 ਜੂਨ
ਜ਼ਿਲ੍ਹਾ ਮਾਨਸਾ ਦੇ ਭੀਖੀ ਬਲਾਕ ਨੂੰ ਤੋੜਨ ਦੀਆਂ ਚੱਲੀਆਂ ਚਰਚਾਵਾਂ ਖ਼ਿਲਾਫ਼ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਵੱਲੋਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਭੇਜਿਆ ਗਿਆ। ਇਸ ਪੱਤਰ ਰਾਹੀਂ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਬਲਾਕ ਨੂੰ ਤੋੜਨ ਵਾਲੀਆਂ ਨੀਤੀਆਂ ਨੂੰ ਵਾਪਸ ਨਾ ਲਿਆ ਗਿਆ ਤਾਂ ਇਲਾਕੇ ਦੇ ਲੋਕਾਂ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਲੜਾਈ ਵਿੱਢੀ ਜਾਵੇਗੀ। ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓਂ ਨੇ ਇੱਕ ਹਫ਼ਤਾ ਪਿੰਡਾਂ ਅੰਦਰ ਬਚਾਓ ਲਾਮਬੰਦੀ ਚਲਾ ਕੇ 23 ਜੂਨ ਨੂੰ ਭੀਖੀ ਵਿੱਚ ‘ਬਲਾਕ ਬਚਾਓ ਰੈਲੀ’ ਕਰਨ ਦਾ ਐਲਾਨ ਕੀਤਾ ਹੈ।
ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ‘ਆਪ’ ਸਰਕਾਰ ਤੋਂ ਆਪਣੇ ਰਾਜ ਕਾਲ ਵਿੱਚ ਇੱਕ ਵੀ ਲੋੜਵੰਦ ਪੱਖੀ ਕੰਮ ਨਹੀਂ ਹੋਇਆ। ਉਨ੍ਹਾਂ ਭੀਖੀ ਬਲਾਕ ਨੂੰ ਮਾਨਸਾ ਵਿੱਚ ਮਰਜ਼ ਕਰਨ ਦੇ ਸਵਾਲ ’ਤੇ ਹਲਕਾ ਵਿਧਾਇਕ ਦੇ ਤਰਕ ‘ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਦੋ ਬਲਾਕਾਂ ਨੂੰ ਇੱਕ ਕਰ ਰਹੇ ਹਾਂ’ ਬਾਰੇ ਪੁੱਛਿਆ ਕਿ ਹਲਕਾ ਵਿਧਾਇਕ ਸਿੰਗਲਾ ਦੱਸਣ ਕਿ ਬਲਾਕ ਦੇ 33 ਪਿੰਡਾਂ ਦੇ ਕਿਹੜੇ ਸਮਾਜ ਨੂੰ ਸੌਖਾ ਕਰਨ ਲਈ ਭੀਖੀ ਬਲਾਕ ਨੂੰ ਤੋੜਿਆ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀ ਪਹੁੰਚ ਵਾਲੇ ਦਫ਼ਤਰਾਂ ਨੂੰ ਬਿਨਾਂ ਵਜ੍ਹਾ ਬੰਦ ਕਰ ਕੇ ਜਨਤਾ ਨੂੰ ਖੱਜਲ-ਖੁਆਰ ਕਰਨ ਦੇ ਰਾਹ ਪੈ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਬਲਾਕ ਦਫ਼ਤਰ ਨੂੰ ਬੰਦ ਕਰਨ ਨਾਲ, ਜਿੱਥੇ ਆਮ ਲੋਕਾਂ ਤੇ ਮਨਰੇਗਾ ਮਜ਼ਦੂਰਾਂ ਲਈ ਹੋਰ ਮੁਸੀਬਤ ਪੈਦਾ ਹੋਣ ਗਈਆਂ, ਉੱਥੇ ਇੱਕ ਬੀਡੀਪੀਓ ਪੋਸਟ ਅਤੇ ਦਫ਼ਤਰੀ ਸਟਾਫ਼ ਵੀ ਖ਼ਤਮ ਹੋਵੇਗਾ, ਜਿਸ ਨਾਲ ਪਿੰਡਾਂ ਦੇ ਵਿਕਾਸ ਕੰਮਾਂ ਵਿੱਚ ਵੀ ਵਿਘਨ ਪਵੇਗਾ।
ਇਸ ਮੌਕੇ ਗੁਲਾਬ ਸਿੰਘ ਖੀਵਾ, ਭੂਰਾ ਸਿੰਘ ਸਮਾਓਂ, ਮੇਲਾ ਸਿੰਘ ਮੋਹਰ ਸਿੰਘ ਵਾਲਾ, ਬੱਲਮ ਢੈਪਈ,ਜਰਨੈਲ ਸਿੰਘ ਮਾਨਸਾ, ਰੋਸ਼ੀ ਸਿੰਘ ਮੱਤੀ ਤੇ ਟੈਹਲਾ ਸਿੰਘ ਮਾਨਸਾ ਵੀ ਮੌਜੂਦ ਸਨ।