ਸਰਕਾਰੀ ਸਕੂਲ ਸੇਖਾ ਤੇ ਸੰਘੇੜਾ ’ਚ ਟਰੈਫ਼ਿਕ ਨਿਯਮਾਂ ਸਬੰਧੀ ਸੈਮੀਨਾਰ
ਸੇਫ ਸਕੂਲ ਵਾਹਨ ਪਾਲਿਸੀ ਅਤੇ ਟਰੈਫ਼ਿਕ ਜਾਗਰੂਕਤਾ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਾ ਅਤੇ ਸਰਕਾਰੀ ਹਾਈ ਸਕੂਲ ਸੰਘੇੜਾ ਵਿੱਚ ਟਰੈਫ਼ਿਕ ਸਬੰਧੀ ਜਾਗਰੂਕਤਾ ਸਮਾਗਮ ਕਰਵਾਏ ਗਏ, ਜਿਸ ਵਿੱਚ ਐੱਸਡੀਐੱਮ-ਕਮ-ਆਰਟੀਓ ਹਰਪ੍ਰੀਤ ਸਿੰਘ ਅਟਵਾਲ ਨੇ ਸ਼ਿਰਕਤ ਕੀਤੀ। ਸੇਖਾ ਸਕੂਲ ਦੇ ਇੰਚਾਰਜ ਅਨੀਤਾ ਸਿੰਗਲਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਐੱਸਡੀਐੱਮ ਵੱਲੋਂ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵਿਦਿਆਰਥੀਆਂ ਨੂੰ ਟਰੈਫਿਕ ਲਾਈਟਾਂ ਉੱਪਰ ਨਿਯਮਾਂ ਦੀ ਪਾਲਣਾ ਕਰਨਾ, ਵਾਹਨ ਓਵਰ ਸਪੀਡ ਨਾ ਕਰਨ ਸਬੰਧੀ ਅਤੇ ਮੋਬਾਈਲ ਫੋਨ ਦੀ ਵਰਤੋਂ ਵਾਹਨ ਚਲਾਉਣ ਸਮੇਂ ਨਾ ਕਰਨ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਾ ਦੇ ਵਿਦਿਆਰਥੀ ਏਕਮਪ੍ਰੀਤ ਕੌਰ ਦਸਵੀਂ ਏ, ਬਿਸ਼ਨੂਰ ਕੌਰ ਦਸਵੀਂ ਬੀ, ਅਭਿਜੋਤ ਸਿੰਘ ਨੌਵੀਂ ਏ ਨੇ ਟਰੈਫਿਕ ਨਿਯਮਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮੁੱਖ ਮਹਿਮਾਨ ਨੇ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।