ਦੂਨ ਸਕੂਲ ’ਚ ਵਿਗਿਆਨ ਵਿਸ਼ੇ ਦਾ ਕੁਇਜ਼
ਦੂਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਸੁੱਖਾ ਵਿੱਚ ਵਿਗਿਆਨ ਵਿਸ਼ੇ ਨਾਲ ਸਬੰਧਤ ਕੁਇਜ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਰਾਵੀ, ਜਮਨਾ, ਗੰਗਾ ਅਤੇ ਬ੍ਰਹਮਪੁੱਤਰ ਹਾਊਸ ਦੇ ਡੇਢ ਦਰਜਨ ਵਿਦਿਆਰਥੀਆਂ ਨੇ ਹਿਸਾ ਲਿਆ। ਮੁਕਾਬਲਿਆਂ ’ਚ ਰਾਵੀ ਹਾਊਸ ਜੇਤੂ ਰਿਹਾ। ਪ੍ਰਿੰਸੀਪਲ ਰਾਜਨ ਖੁਰਾਣਾ ਨੇ ਜੇਤੂਆਂ ਤੋਂ ਇਲਾਵਾ ਮੁਕਾਬਲਿਆਂ ’ਚ ਭਾਗ ਲੈਣ ਵਾਲਿਆਂ ਦੀ ਹੌਸਲਾ-ਅਫ਼ਜਾਈ ਵਾਸਤੇ ਸਰਟੀਫਿਕੇਟ ਦਿੱਤੇ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਗਿਆਨ ਵਿਸ਼ੇ ’ਚ ਰੁਚੀ ਪੈਦਾ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵੀ ਉਤਸ਼ਾਹਿਤ ਕਰਦੇ ਹਨ।
ਮੱਘਰ ਸਿੰਘ ਪ੍ਰਧਾਨ ਅਤੇ ਰਾਜਵਿੰਦਰ ਸਿੰਘ ਮੀਤ ਪ੍ਰਧਾਨ ਚੁਣੇ
ਸ਼ਹਿਣਾ: ਬਲਾਕ ਸ਼ਹਿਣਾ ਦੇ ਪਿੰਡ ਮੱਲੀਆਂ ਦੇ ਗੁਰਦੁਆਰੇ ਵਿੱਚ ਬੀਕੇਯੂ ਏਕਤਾ ਉਗਰਾਹਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਗੁਰਚਰਨ ਸਿੰਘ ਭਦੌੜ ਅਤੇ ਬਲਾਕ ਖਜਾਨਚੀ ਗੁਰਮੇਲ ਸਿੰਘ ਚੂੰਘਾਂ ਉਚੇਚੇ ਤੌਰ ’ਤੇ ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪਿੰਡ ਮੱਲੀਆਂ ਦੀ ਇਕਾਈ ਦੀ ਨਵੀਂ ਚੋਣ ’ਚ ਮੱਘਰ ਸਿੰਘ ਪ੍ਰਧਾਨ, ਰਾਜਵਿੰਦਰ ਸਿੰਘ ਮੀਤ ਪ੍ਰਧਾਨ, ਗੁਰਮੀਤ ਸਿੰਘ ਜਨਰਲ ਸਕੱਤਰ, ਸੁਖਵਿੰਦਰ ਸਿੰਘ ਸਹਾਇਕ ਸਕੱਤਰ, ਹਰਬੰਸ ਸਿੰਘ ਖਜਾਨਚੀ ਚੁਣੇ ਗਏ। ਬਲਵਿੰਦਰ ਸਿੰਘ, ਕੁਲਦੀਪ ਸਿੰਘ, ਬੂਟਾ ਸਿੰਘ, ਮਲਕੀਤ ਸਿੰਘ, ਪਲਵਿੰਦਰ ਸਿੰਘ, ਮਲਕੀਤ ਸਿੰਘ, ਮਹਿੰਦਰ ਸਿੰਘ, ਬੁੱਧ ਸਿੰਘ, ਰਣਜੀਤ ਸਿੰਘ ਅਤੇ ਜੁਗਾਰਜ ਸਿੰਘ ਕਮੇਟੀ ਮੈਂਬਰ ਚੁਣੇ ਗਏ। -ਪੱਤਰ ਪ੍ਰੇਰਕ
ਸੇਂਟ ਸੋਲਜ਼ਰ ਪਬਲਿਕ ਸਕੂਲ ’ਚ ਰੂਬਰੂ ਸਮਾਗਮ
ਭਾਈ ਰੂਪਾ: ਸੇਂਟ ਸੋਲਜ਼ਰ ਪਬਲਿਕ ਸਕੂਲ ਢਪਾਲੀ ਦੇ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰ ਰਹੇ ਵਿਦਿਆਰਥੀਆਂ ਨਾਲ ਸਹਿਜ ਪਾਠ ਲਹਿਰ ਦੇ ਪ੍ਰਚਾਰਕ ਭਾਈ ਰਤਨ ਸਿੰਘ ਮੋਗਾ ਦਾ ਰੂ-ਬ-ਰੂ ਕਰਵਾਇਆ ਗਿਆ। ਇਸ ਮੌਕੇ ਭਾਈ ਰਤਨ ਸਿੰਘ ਨੇ ਦੱਸਿਆ ਕਿ ਗੁਰਬਾਣੀ ਮਨੁੱਖ ਨੂੰ ਹਰ ਕਦਮ ‘ਤੇ ਚਾਨਣ ਕਰਕੇ ਚੰਗੇ ਰਸਤੇ ਉੱਪਰ ਚੱਲਣ ਦੀ ਪ੍ਰੇਰਨਾ ਦਿੰਦੀ ਹੈ। ਵਿਦਿਆਰਥੀਆਂ ਨੇ ਭਾਈ ਰਤਨ ਸਿੰਘ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ ਤੇ ਉਨ੍ਹਾਂ ਤੋਂ ਹੋਰ ਪ੍ਰਸ਼ਨ ਪੁੱਛ ਕੇ ਆਪਣੇ ਗਿਆਨ ਚ ਵਾਧਾ ਕੀਤਾ। ਅੰਤ ਵਿੱਚ ਪ੍ਰਿੰਸੀਪਲ ਸੁਰਜੀਤ ਸਿੰਘ ਬਾਵਾ ਨੇ ਭਾਈ ਰਤਨ ਸਿੰਘ ਦਾ ਸਕੂਲ ਵਿਚ ਪਹੁੰਚਣ ‘ਤੇ ਧੰਨਵਾਦ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਕਿਰਨਦੀਪ ਕੌਰ, ਨਵਜੀਤ ਕੌਰ, ਮਨਦੀਪ ਕੌਰ ਭੁੱਲਰ ਤੇ ਨਵਜੋਤ ਕੌਰ ਰੂਬੀ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਹੇਮਕੁੰਟ ਸਕੂਲ ਦੇ ਖਿਡਾਰੀ ਮੋਹਰੀ
ਧਰਮਕੋਟ: ਸ੍ਰੀ ਹੇਮਕੁੰਟ ਸਾਹਿਬ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡਾਂ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹ ਖੇਡਾਂ ਹੇਮਕੁੰਟ ਸਕੂਲ ਵਿੱਚ ਜ਼ੋਨ ਪ੍ਰਧਾਨ ਪ੍ਰਿੰਸੀਪਲ ਜੁਗਰਾਜ ਸਿੰਘ ਤੇ ਸਕੱਤਰ ਲੈਕਚਰਾਰ ਪਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਹੋਈਆਂ। ਸਕੂਲ ਦੇ ਅੰਡਰ-14, 17 ਅਤੇ 19 ਦੇ ਲੜਕੇ ਤੇ ਲੜਕੀਆਂ ਨੇ ਨੈੱਟਬਾਲ, ਕਰਾਟੇ, ਤਾਇਕਵਾਂਡੋ, ਸ਼ੂਟਿੰਗ, ਚੈੱਸ ਤੇ ਟੇਬਲ ਟੈਨਿਸ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਡਾਇਰੈਕਟਰ ਰਣਜੀਤ ਕੌਰ ਸੰਧੂ ਨੇ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਵਿੱਚ ਜੇਤੂਆਂ ਨੂੰ ਸਨਮਾਨਿਆ ਵੀ ਗਿਆ। ਇਸ ਮੌਕੇ ਪ੍ਰਿੰਸੀਪਲ ਰਮਨਦੀਪ ਕੌਰ, ਪ੍ਰਿੰਸੀਪਲ ਸੋਨੀਆ ਸ਼ਰਮਾ ਸਣੇ ਸਕੂਲ ਦਾ ਬਾਕੀ ਸਟਾਫ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
ਘਰ ’ਚੋਂ ਗਹਿਣੇ ਤੇ ਨਗਦੀ ਚੋਰੀ
ਅਬੋਹਰ: ਇੱਥੇ ਕਾਨਵੈਂਟ ਐਵੇਨਿਊ ਵਿੱਚ ਚੋਰਾਂ ਨੇ ਲੰਘੀ ਰਾਤ ਇੱਕ ਪਰਿਵਾਰ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਚੋਰੀ ਕਰ ਲਈ। ਜਾਣਕਾਰੀ ਅਨੁਸਾਰ ਜਗਦੀਸ਼ ਸਿੰਘ ਇੱਥੇ ਆਪਣੀ ਪਤਨੀ, ਪੁੱਤਰ ਅਤੇ ਧੀ ਨਾਲ ਰਹਿ ਰਿਹਾ ਹੈ। ਬੀਤੀ ਰਾਤ ਜਦੋਂ ਉਹ ਆਪਣੇ ਕਮਰਿਆਂ ਵਿੱਚ ਸੁੱਤੇ ਪਏ ਸਨ ਤਾਂ ਚੋਰਾਂ ਨੇ ਦੋ ਕਮਰਿਆਂ ਨੂੰ ਬਾਹਰੋਂ ਬੰਦ ਕਰ ਦਿੱਤਾ। ਚੋਰ ਅਲਮਾਰੀਆਂ ਵਿੱਚੋਂ ਲਗਪਗ 18 ਤੋਂ 20 ਤੋਲੇ ਸੋਨਾ, 15 ਤੋਲੇ ਚਾਂਦੀ ਅਤੇ 4 ਲੱਖ ਰੁਪਏ ਦੀ ਨਗਦੀ ਚੋਰੀ ਕਰ ਕੇ ਲੈ ਗਏ। ਇਸ ਦਾ ਪਤਾ ਉਨ੍ਹਾਂ ਨੂੰ ਸਵੇਰੇ ਸੱਤ ਵਜੇ ਦੀ ਕਰੀਬ ਲੱਗਿਆ। ਉਨ੍ਹਾਂ ਗੁਆਂਢੀਆਂ ਨੂੰ ਫੋਨ ਕਰ ਕੇ ਦਰਵਾਜ਼ੇ ਖੁੱਲ੍ਹਵਾਏ। ਉਨ੍ਹਾਂ ਦੱਸਿਆ ਕਿ ਚੋਰ ਉਨ੍ਹਾਂ ਦੀ ਧੀ ਦੇ ਕਮਰੇ ਵਿੱਚ ਰੱਖੀ ਅਲਮਾਰੀ ਵਿੱਚੋਂ 10 ਹਜ਼ਾਰ ਰੁਪਏ ਵੀ ਲੈ ਗਏ। ਸੂਚਨਾ ਮਿਲਣ ’ਤੇ ਨਗਰ ਥਾਣਾ-2 ਦੀ ਮੁਖੀ ਪ੍ਰੋਮਿਲਾ ਸਿੱਧੂ ਆਪਣੀ ਟੀਮ ਨਾਲ ਪੁੱਜੀ ਤੇ ਜਾਂਚ ਸ਼ੁਰੂ ਕੀਤੀ। -ਪੱਤਰ ਪ੍ਰੇਰਕ
ਸ਼ਹਿਣਾ ’ਚ ਵਾਲੀਬਾਲ ਗਰਾਊਂਡ ਦੀ ਉਸਾਰੀ ਸ਼ੁਰੂ
ਸ਼ਹਿਣਾ: ਕਸਬੇ ਸ਼ਹਿਣਾ ਦੇ ਕੈਪਟਨ ਕਰਮ ਸਿੰਘ ਸਟੇਡੀਅਮ ਵਿੱਚ 22 ਲੱਖ ਰੁਪਏ ਦੀ ਲਾਗਤ ਨਾਲ ਵਾਲੀਬਾਲ ਗਰਾਊਂਡ ਬਣਨਾ ਸ਼ੁਰੂ ਹੋ ਗਿਆ ਹੈ। ਸਰਪੰਚ ਨਾਜ਼ਮ ਸਿੰਘ ਨੇ ਦੱਸਿਆ ਕਿ ਇਸ ਗਰਾਊਂਡ ਦੇ ਚਾਰੇ ਪਾਸੇ ਜਾਲੀ ਲੱਗੇਗੀ। ਸਟੇਡੀਅਮ ਲਈ ਭਗਵੰਤ ਸਿੰਘ ਮਾਨ ਦੇ ਸੰਸਦ ਮੈਂਬਰ ਵਜੋਂ ਕਾਰਜਕਾਲ ਦੌਰਾਨ 10 ਲੱਖ ਰੁਪਏ ਦੀ ਗਰਾਂਟ ਭੇਜੀ ਗਈ ਸੀ। ਉਨ੍ਹਾਂ ਦੱਸਿਆ ਕਿ ਕਸਬਾ ਸ਼ਹਿਣਾ ਵਿੱਚ ਪੰਜਾਬ ਸਰਕਾਰ ਵੱਲੋਂ ਖੋਲ੍ਹੀ ਲਾਇਬ੍ਰੇਰੀ ਚੇਤਨਾ ਪੈਦਾ ਕਰੇਗੀ। ਇਸ ਮੌਕੇ ਪੰਚ ਮਨਪ੍ਰੀਤ ਸਿੰਘ ਪੀਤਾ, ਬੀਬੜੀਆਂ ਮਾਈਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਬੀਕਾ ਅਤੇ ਡਾਕਟਰ ਅਨਿਲ ਗਰਗ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ