DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫ਼ਲਸਤੀਨ ਤੇ ਇਰਾਨ ਉਪਰ ਹਮਲਿਆਂ ਖ਼ਿਲਾਫ਼ ਮੁਜ਼ਾਹਰੇ

ਇਨਕਲਾਬੀ ਕੇਂਦਰ ਅਤੇ ਲੋਕ ਮੋਰਚਾ ਪੰਜਾਬ ਨੇ ਕੀਤੀ ਅਗਵਾਈ; ਬਠਿੰਡਾ ਤੇ ਬਰਨਾਲਾ ’ਚ ਨਾਅਰੇਬਾਜ਼ੀ
  • fb
  • twitter
  • whatsapp
  • whatsapp
Advertisement

ਸ਼ਗਨ ਕਟਾਰੀਆ

ਬਠਿੰਡਾ, 27 ਜੂਨ

Advertisement

ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਮੋਰਚਾ ਪੰਜਾਬ ਨੇ ਅੱਜ ਸ਼ਹਿਰ ਅੰਦਰ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਮੁਤਾਬਕ ਉਹ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਰਾਨ ਤੇ ਫ਼ਲਸਤੀਨ ਖ਼ਿਲਾਫ਼ ਵਿੱਢੀ ਨਿਹੱਕੀ ਜੰਗ ਦਾ ਵਿਰੋਧ ਕਰਦੇ ਹਨ। ਪ੍ਰਦਰਸ਼ਨ ਤੋਂ ਪਹਿਲਾਂ ਇੱਥੇ ਟੀਚਰਜ਼ ਹੋਮ ’ਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਨਰਾਇਣ ਦੱਤ ਅਤੇ ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਕਿਹਾ ਕਿ ਇੱਕ ਵਾਰ ਭਾਵੇਂ ਇਰਾਨ ਅਤੇ ਇਜ਼ਰਾਈਲ ਵਿੱਚ ਜੰਗਬੰਦੀ ਹੋ ਗਈ ਹੈ, ਪਰ ਇਜ਼ਰਾਈਲ ਵੱਲੋਂ ਫ਼ਲਸਤੀਨ ਖ਼ਿਲਾਫ਼ ਨਿਹੱਕੀ ਜੰਗ ਜਾਰੀ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਵੱਲੋਂ ਅਮਰੀਕਾ ਦੀ ਸ਼ਹਿ ਅਤੇ ਹਮਾਇਤ ਸਦਕਾ ਹੀ ਇਹ ਹਮਲਾ ਵਿੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਮਲੇ ਦਾ ਮਕਸਦ ਤੇਲ ਭੰਡਾਰਾਂ ਦੀ ਧਰਤੀ ਮੱਧ ਪੂਰਬ ਬਾਰੇ ਸਾਮਰਾਜੀ ਸਕੀਮਾਂ ਦੇ ਰਾਹ ਵਿੱਚ ਅੜਿੱਕਾ ਬਣਨ ਵਾਲੀ ਕਿਸੇ ਵੀ ਸੰਭਾਵੀ ਚੁਣੌਤੀ ਨੂੰ ਖ਼ਤਮ ਕਰਨਾ ਹੈ ਅਤੇ ਅਮਰੀਕਨ ਸਾਮਰਾਜ ਦੀਆਂ ਸਕੀਮਾਂ ਤੋਂ ਬਾਹਰ ਹੋ ਕੇ ਚੱਲਣ ਵਾਲੀ ਕਿਸੇ ਵੀ ਸ਼ਕਤੀ ਨੂੰ ਤਾਕਤਵਰ ਹੋਣ ਤੋਂ ਰੋਕਣਾ ਹੈ। ਉਨ੍ਹਾਂ ਕਿਹਾ ਕਿ ਇਸੇ ਕਰਕੇ ਇਰਾਨ ਨੂੰ ਊਰਜਾ ਮਕਸਦਾਂ ਦੀ ਪੂਰਤੀ ਲਈ ਵੀ ਪਰਮਾਣੂ ਊਰਜਾ ਦੀ ਵਰਤੋਂ ਨਹੀਂ ਕਰਨ ਦਿੱਤੀ ਜਾ ਰਹੀ, ਜਦ ਕਿ ਸਾਮਰਾਜੀ ਸਰਗਣੇ ਅਮਰੀਕਾ ਇਜ਼ਰਾਈਲ ਵਰਗੇ ਦੇਸ਼ ਆਪ ਵੱਡੇ ਪਰਮਾਣੂ ਦੇਸ਼ ਹਨ ਅਤੇ ਹਰ ਤਰ੍ਹਾਂ ਦੇ ਖ਼ਤਰਨਾਕ ਹਥਿਆਰਾਂ ਨਾਲ ਲੈਸ ਹਨ। ਆਗੂਆਂ ਨੇ ਅੱਗੇ ਕਿਹਾ ਕਿ ਹੋਰਨਾਂ ਦੇਸ਼ਾਂ ਦਾ ਇਹ ਫਰਜ਼ ਬਣਦਾ ਹੈ ਕਿ ਅਜਿਹੀ ਜਾਬਰ ਜੰਗ ਖ਼ਿਲਾਫ਼ ਫੌਰੀ ਕਦਮ ਲਏ ਜਾਣ ਅਤੇ ਇਨ੍ਹਾਂ ਹਮਲਾਵਰ ਦੇਸ਼ਾਂ ਖ਼ਿਲਾਫ਼ ਕੌਮਾਂਤਰੀ ਦਬਾਅ ਲਾਮਬੰਦ ਕੀਤਾ ਜਾਵੇ, ਪਰ ਭਾਰਤ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਅਮਰੀਕੀ ਇਜ਼ਰਾਈਲੀ ਹਿਤਾਂ ਨਾਲ ਟੋਚਨ ਹੋ ਕੇ ਚੱਲ ਰਿਹਾ ਹੈ ਅਤੇ ਇਸ ਸਬੰਧੀ ਮੁਕੰਮਲ ਚੁੱਪ ਧਾਰ ਕੇ ਇਸ ਹਮਲੇ ਦੇ ਪੱਖ ਵਿੱਚ ਭੁਗਤ ਰਿਹਾ ਹੈ। ਉਨ੍ਹਾਂ ਆਖਿਆ ਕਿ ਭਾਰਤ ਨੇ ਪਹਿਲਾਂ ਇਜ਼ਰਾਈਲ ਅਤੇ ਹੁਣ ਅਮਰੀਕਾ ਵੱਲੋਂ ਇੱਕ ਪਾਸੜ ਤੌਰ ’ਤੇ ਕੀਤੇ ਹਮਲਿਆਂ ਦਾ ਜ਼ੁਬਾਨੀ ਕਲਾਮੀ ਵਿਰੋਧ ਕਰਨ ਦੀ ਹਿੰਮਤ ਵੀ ਨਹੀਂ ਜੁਟਾਈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜੋ ਆਪਣੇ ਦੇਸ਼ ਅੰਦਰ ਬੜੀ ਬੇਕਿਰਕੀ ਨਾਲ ਲੋਕਾਂ ਖ਼ਿਲਾਫ਼ ਫ਼ਾਸ਼ੀ ਕਦਮ ਚੁੱਕਦੀ ਆ ਰਹੀ ਹੈ, ਹੁਣ ਇਜ਼ਰਾਈਲ ਦੇ ਫ਼ਾਸ਼ੀ ਹਮਲੇ ਵਿੱਚ ਉਸ ਦੇ ਪੱਖ ਵਿੱਚ ਭੁਗਤ ਰਹੀ ਹੈ।

ਬਰਨਾਲਾ (ਪਰਸ਼ੋਤਮ ਬੱਲੀ): ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਮੋਰਚਾ ਪੰਜਾਬ ਦੇ ਆਗੂਆਂ ਡਾ. ਰਜਿੰਦਰ ਪਾਲ ਅਤੇ ਸਤਨਾਮ ਸਿੰਘ ਦੀਵਾਨਾ ਦੀ ਅਗਵਾਈ ਵਿੱਚ ਅਮਰੀਕੀ ਇਜ਼ਰਾਈਲੀ ਜ਼ੰਗਬਾਜ਼ਵੱਲੋਂ ਇਰਾਨੀ ਅਤੇ ਫ਼ਲਸਤੀਨੀ ਲੋਕਾਂ ਖਿਲਾਫ਼ ਵਿੱਢੀ ਨਿਹੱਕੀ ਜ਼ੰਗ ਖਿਲਾਫ਼ ਕਚਹਿਰੀ ਚੌਕ ਨੇੜੇ ਵਿਸ਼ਾਲ ਰੈਲੀ ਕੀਤੀ ਗਈ। ਆਗੂਆਂ ਨਰਾਇਣ ਦੱਤ ਅਤੇ ਜਗਮੇਲ ਸਿੰਘ ਨੇ ਕਿਹਾ ਕਿ ਜੰਗਬਾਜ਼ ਸਾਮਰਾਜੀ ਹਾਕਮਾਂ ਨੇ 7 ਅਕਤੂਬਰ 2023 ਤੋਂ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਕਰਕੇ 60 ਹਜ਼ਾਰ ਲੋਕਾਂ (ਵੱਡੀ ਗਿਣਤੀ ਵਿੱਚ ਔਰਤਾਂ ਅਤੇ ਬੱਚਿਆਂ) ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਅਤੇ 20 ਲੱਖ ਲੋਕਾਂ ਨੂੰ ਘਰੋਂ ਉਜਾੜ ਦਿੱਤਾ ਹੈ। ਪੂਰਾ ਫ਼ਲਸਤੀਨ ਢਹਿ ਢੇਰੀ ਕਰਕੇ ਖੰਡਰਾਂ ਵਿੱਚ ਤਬਦੀਲ ਕਰ ਦਿੱਤਾ ਹੈ। ਹਜ਼ਾਰਾਂ ਲੋਕ ਵੱਡੀ ਗਿਣਤੀ ਵਿੱਚ ਬੱਚੇ ਭੁੱਖੇ ਮਰਨ ਲਈ ਮਜ਼ਬੂਰ ਹਨ।

Advertisement
×