ਫ਼ਰੀਦਕੋਟ ਕੇਂਦਰੀ ਜੇਲ੍ਹ ’ਚ ਪੁਲੀਸ ਵੱਲੋਂ ਤਲਾਸ਼ੀ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 27 ਮਈ
ਜ਼ਿਲ੍ਹਾ ਪੁਲੀਸ ਦੇ ਉੱਚ ਅਧਿਕਾਰੀਆਂ ਨੇ 400 ਤੋਂ ਵੱਧ ਪੁਲੀਸ ਮੁਲਾਜ਼ਮਾਂ ਦੀ ਮਦਦ ਨਾਲ ਅੱਜ ਇੱਥੋਂ ਦੀ ਕੇਂਦਰੀ ਮਾਡਰਨ ਜੇਲ ਵਿੱਚ ਸੁਭਾ ਛਾਪੇਮਾਰੀ ਕੀਤੀ। 2300 ਕੈਦੀਆਂ ਦੀ ਸਮਰੱਥਾ ਵਾਲੀ ਇਸ ਜੇਲ੍ਹ ਵਿੱਚ ਇਸ ਵੇਲੇ 2000 ਤੋਂ ਵੱਧ ਕੈਦੀ ਅਤੇ ਹਵਾਲਾਤੀ ਨਜ਼ਰਬੰਦ ਹਨ ਅਤੇ ਜ਼ਿਲ੍ਹਾ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਨਸ਼ੇ ਦੇ ਤਸਕਰ ਅਤੇ ਹੋਰ ਗੰਭੀਰ ਦੋਸ਼ਾਂ ਦੇ ਅਪਰਾਧੀ ਵੀ ਇਸੇ ਜੇਲ੍ਹ ਵਿੱਚ ਹਨ। ਪੁਲੀਸ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਜੇਲ੍ਹ ’ਚ ਕਥਿਤ ਨਸ਼ੀਲੇ ਪਦਾਰਥ ਸੁੱਟਣ ਵਾਲੇ ਦੋ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਜੇਲ੍ਹ ਦੇ ਤਿੰਨ ਮੁਲਾਜ਼ਮਾਂ ਖ਼ਿਲਾਫ਼ ਵੀ ਜੇਲ੍ਹ ’ਚ ਕੈਦੀਆਂ ਤੇ ਹਵਾਲਾਤੀਆਂ ਨੂੰ ਨਸ਼ਾ ਪਹੁੰਚਾਉਣ ਦੀਆਂ ਕਾਰਵਾਈਆਂ ਸਾਹਮਣੇ ਆਈਆਂ ਸਨ ਅਤੇ ਉਨ੍ਹਾਂ ਖ਼ਿਲਾਫ਼਼ ਵੀ ਪੁਲੀਸ ਨੇ ਪਰਚੇ ਦਰਜ ਕੀਤੇ ਸਨ। ਜੇਲ੍ਹ ’ਚ ਨਜ਼ਰਬੰਦ ਕੁਝ ਵਿਅਕਤੀਆਂ ਵੱਲੋਂ ਆਨਲਾਈਨ ਨਸ਼ਾ ਖਰੀਦਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਅਤੇ ਇਸ ਮਾਮਲੇ ਵਿੱਚ ਵੀ ਐੱਸਆਈਟੀ ਨੇ ਚਾਰ ਤੋਂ ਵੱਧ ਮੁਲਜ਼ਮ ਫੜੇ ਸਨ। ਪੁਲੀਸ ਨੇ ਛਾਪੇਮਾਰੀ ਦੌਰਾਨ ਜੇਲ੍ਹ ਦੀਆਂ ਸਾਰੀਆਂ ਬੈਰਕਾਂ, ਅਹਾਤਿਆਂ ਅਤੇ ਗੁਪਤ ਥਾਵਾਂ ਦੀ ਤਲਾਸ਼ੀ ਲਈ। ਜੇਲ੍ਹ ਵਿੱਚੋਂ ਬਰਾਮਦ ਇਤਰਾਜ਼ਯੋਗ ਚੀਜ਼ਾਂ ਬਾਰੇ ਜ਼ਿਲ੍ਹਾ ਪੁਲੀਸ ਨੇ ਅਜੇ ਤੱਕ ਕੋਈ ਸੂਚਨਾ ਸਾਂਝੀ ਨਹੀਂ ਕੀਤੀ। ਜ਼ਿਲ੍ਹਾ ਪੁਲੀਸ ਮੁਖੀ ਪ੍ਰੱਗਿਆ ਜੈਨ ਨੇ ਕਿਹਾ ਕਿ ਅੱਜ ਸਵੇਰੇ ਜੇਲ੍ਹ ਦੀ ਅਚਨਚੇਤ ਤਲਾਸ਼ੀ ਲਈ ਗਈ ਅਤੇ ਇਸ ਵਿੱਚ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ 400 ਪੁਲੀਸ ਮੁਲਾਜ਼ਮ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਛਾਪੇਮਾਰੀ ਦੇ ਵੇਰਵੇ ਸਾਂਝੇ ਕੀਤੇ ਜਾਣਗੇ। ਵੈਸੇ ਉਨ੍ਹਾਂ ਕਿਹਾ ਕਿ ਇਹ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਅਤੇ ਜੇਲ੍ਹ ’ਚ ਨਜ਼ਰ ਬੰਦ ਅਪਰਾਧੀਆਂ ਦੀਆਂ ਗਤੀਵਿਧੀਆਂ ਉੱਪਰ ਨਜ਼ਰ ਰੱਖਣ ਲਈ ਛਾਪੇਮਾਰੀ ਕੀਤੀ ਗਈ ਸੀ।