ਸਬ ਤਹਿਸੀਲ ਭਦੌੜ ਦੇ ਗੇਟ ਅੱਗੇ ਖੜ੍ਹੇ ਪਾਣੀ ਕਾਰਨ ਲੋਕ ਪ੍ਰੇਸ਼ਾਨ
ਰਾਜਿੰਦਰ ਵਰਮਾ
ਭਦੌੜ, 18 ਜੂਨ
ਸਬ ਤਹਿਸੀਲ ਦਫ਼ਤਰ ਭਦੌੜ ਅੱਗੇ ਖੜ੍ਹਦੇ ਪਾਣੀ ਕਾਰਨ ਲੋਕ ਪ੍ਰੇਸ਼ਾਨ ਹਨ। ਲੰਘੀ ਰਾਤ ਪਏ ਮੀਂਹ ਕਾਰਨ ਸਬ ਤਹਿਸੀਲ ਭਦੌੜ ਦੇ ਮੁੱਖ ਗੇਟ ਅੱਗੇ ਮੀਂਹ ਦਾ ਪਾਣੀ ਖੜ੍ਹ ਗਿਆ, ਜਿਸ ਕਾਰਨ ਅੱਜ ਲੋਕਾਂ ਨੂੰ ਮੀਂਹ ਦੇ ਪਾਣੀ ’ਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇੱਥੇ ਕੰਮ ਕਰਵਾਉਣ ਆਏ ਕ੍ਰਾਂਤੀ ਯੂਥ ਕਲੱਬ ਭਦੌੜ ਦੇ ਪ੍ਰਧਾਨ ਅਮਰਜੀਤ ਸਿੰਘ ਮੀਕਾ, ਹਰਦੀਪ ਕੁਮਾਰ ਦੀਪਾ, ਭੂਸ਼ਨ ਕੁਮਾਰ ਅਤੇ ਸੁਖਵੀਰ ਸਿੰਘ ਨੇ ਕਿਹਾ ਕਿ ਸਬ ਤਹਿਸੀਲ ਭਦੌੜ ਤੋਂ ਸਰਕਾਰ ਨੂੰ ਕਰੋੜਾਂ ਰੁਪਏ ਦਾ ਰੈਵਨਿਊ ਇਕੱਠਾ ਹੁੰਦਾ ਹੈ ਇਸ ਦੇ ਬਾਵਜੂਦ ਪ੍ਰਸ਼ਾਸਨ ਇੱਥੇ ਸਹੂਲਤਾਂ ਦੇਣ ਲਈ ਕੋਈ ਪ੍ਰਬੰਧ ਨਹੀਂ ਕਰ ਰਿਹਾ ਹੈ। ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਦਾ ਵਾਅਦਾ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੈ ਜਦੋਂ ਕਿ ਸਬ ਤਹਿਸੀਲ ਭਦੌੜ ਵਿੱਚ ਕੰਮ-ਕਾਜ ਲਈ ਆਏ ਲੋਕਾਂ ਨੂੰ ਮੇਨ ਗੇਟ ’ਤੇ ਖੜ੍ਹੇ ਪਾਣੀ ਵਿੱਚੋਂ ਲੰਘਣਾ ਪੈ ਰਿਹਾ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਬ ਤਹਿਸੀਲ ’ਚ ਖੜ੍ਹੇ ਰਹਿੰਦੇ ਪਾਣੀ ਦਾ ਸਥਾਈ ਹੱਲ ਕੀਤਾ ਜਾਵੇ।
ਨਾਇਬ ਤਹਿਸੀਲਦਾਰ ਰਵਿੰਦਰ ਸਿੰਘ ਨੇ ਕਿਹਾ ਕਿ ਜਲਦ ਹੀ ਸਮੱਸਿਆ ਦਾ ਸਥਾਈ ਹੱਲ ਯਕੀਨੀ ਬਣਾਇਆ ਜਾਵੇਗਾ।