ਕੌਮੀ ਇਨਸਾਫ਼ ਮੋਰਚੇ ਵੱਲੋਂ ਰਾਜਪਾਲ ਤੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 29 ਮਈ
ਕੌਮੀ ਇਨਸਾਫ਼ ਮੋਰਚੇ ਨਾਲ ਸਬੰਧਤ ਜਥੇਬੰਦੀਆਂ ਨੇ ਅੱਜ ਭਾਰਤ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਰਾਜਪਾਲ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ, ਜਿਸ ਵਿੱਚ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਤੁਰੰਤ ਰਿਹਾਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਇਹ ਮੰਗ ਪੱਤਰ ਪੰਜਾਬ ਭਰ ਦੀਆਂ ਸਾਰੀਆਂ ਸਬ-ਡਿਵੀਜ਼ਨਾਂ ਵਿੱਚ ਸਬ-ਡਿਵੀਜ਼ਨਲ ਮੈਜਿਸਟ੍ਰੇਟ ਰਾਹੀਂ ਭੇਜੇ ਗਏ।
ਮੋਰਚੇ ਦੇ ਮੈਂਬਰ ਬਲਵਿੰਦਰ ਸਿੰਘ ਨੇ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰਾਂ ਮਿੱਥ ਕੇ ਪੰਥ ਅਤੇ ਪੰਜਾਬ ਨਾਲ ਅਨਿਆਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ 30-32 ਸਾਲਾਂ ਤੋਂ ਆਪਣੀਆਂ ਬਣਦੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰ ਕੇ ਭਾਰਤੀ ਸਟੇਟ ਸਿੱਖਾਂ ਨੂੰ ਜ਼ਲੀਲ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੇਅਦਬੀ ਮਾਮਲਿਆਂ ’ਚ ਇਨਸਾਫ਼ ਨਾ ਦੇ ਕੇ ਸਰਕਾਰ ਸਿੱਖੀ ਦੀ ਵਿਚਾਰਧਾਰਾ ਨੂੰ ਖੁੰਡਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਫਿਰਕਾਪ੍ਰਸਤ ਅਤੇ ਲੁੱਟ ਦੀ ਰਾਜਨੀਤੀ ਨਾਲ ਪੰਜਾਬੀਆਂ ਅਤੇ ਖਾਸ ਕਰ ਸਿੱਖਾਂ ਦਾ ਹਮੇਸ਼ਾ ਵਿਰੋਧ ਰਿਹਾ ਹੈ ਅਤੇ ਹਕੂਮਤਾਂ ਦਾ ਸਿੱਖੀ ਲਹਿਰ ਨਾਲ ਟਕਰਾਅ ਆਦਿ ਕਾਲ ਤੋਂ ਜਾਰੀ ਹੈ।
ਇਨਸਾਫ਼ ਮਾਰਚ ਅਤੇ ਮੰਗ ਪੱਤਰ ਦੇਣ ਸਮੇਂ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ। ਕਿਸਾਨ ਤੇ ਸਿੱਖ ਆਗੂ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਧਾਰਮਿਕ ਗ੍ਰੰਥਾਂ ਦੀ ਰਾਖੀ ਲਈ ਵਿਧਾਨ ਸਭਾ ਵੱਲੋਂ ਸਖ਼ਤ ਕਾਨੂੰਨ ਨਾ ਬਣਾਉਣਾ ਇਹ ਸਾਫ ਕਰਦਾ ਹੈ ਕਿ ਧਰਮਾਂ ਦੇ ਨਾਮ 'ਤੇ ਲੜਾਈ ਨੂੰ ਜਾਰੀ ਰੱਖਣਾ ਸਰਕਾਰੀ ਨੀਤੀ ਦਾ ਹੀ ਇੱਕ ਹਿੱਸਾ ਹੈ।