ਮਸੀਤਾਂ ਹੱਤਿਆ ਕਾਂਡ: ਪੁਲੀਸ ’ਤੇ ਮੁਲਜ਼ਮ ਨੂੰ ਬਚਾਉਣ ਦੇ ਲਾਏ ਦੋਸ਼
ਪ੍ਰਭੂ ਦਿਆਲ
ਸਿਰਸਾ, 4 ਜੂਨ
ਪੀੜਤ ਪਰਿਵਾਰ ਨੇ ਪਿੰਡ ਮਸੀਤਾਂ ’ਚ ਅਪਰੈਲ ਮਹੀਨੇ ਹੋਏ ਗੁਰਸੇਵਕ ਦੇ ਕਤਲ ਕੇਸ ਵਿੱਚ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਦੋਸ਼ ਲਾਏ ਗਏ। ਮ੍ਰਿਤਕ ਦੀ ਭੈਣ ਸਤਬੀਰ ਕੌਰ ਨੇ ਕਿਹਾ ਕਿ ਪੁਲੀਸ ਕਥਿਤ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਬੀਰ ਕੌਰ ਨੇ ਕਿਹਾ ਕਿ ਡੱਬਵਾਲੀ ਪੁਲੀਸ ਇਸ ਕਤਲ ਦੇ ਕਥਿਤ ਮੁੱਖ ਮੁਲਜ਼ਮ ਸੰਜੇ ਕਟਾਰੀਆ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਲਗਾਤਾਰ ਬਚਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਪੁਲੀਸ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਅਤੇ ਪਰਿਵਾਰ ਨੂੰ ਇਸ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲਦਾ, ਤਾਂ ਉਹ ਰਾਸ਼ਟਰਪਤੀ ਤੋਂ ਸਵੈ-ਇਛੁੱਕ ਮੌਤ ਦੀ ਮੰਗ ਕਰੇਗੀ।
ਸਤਬੀਰ ਕੌਰ ਨੇ ਦੱਸਿਆ ਕਿ ਅਪਰੈਲ ਮਹੀਨੇ ਵਿੱਚ ਉਸਦੇ ਭਰਾ ਗੁਰਸੇਵਕ ਨੂੰ ਸੰਜੇ ਕਟਾਰੀਆ ਅਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਇੱਕ ਸਾਜ਼ਿਸ਼ ਤਹਿਤ ਗੋਲੀ ਮਾਰ ਦਿੱਤੀ ਸੀ। ਇਸ ਮਾਮਲੇ ਵਿੱਚ ਸੰਜੇ ਕਟਾਰੀਆ ਸਮੇਤ ਚਾਰ ਜਣਿਆਂ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਸੀ ਪਰ ਪੁਲੀਸ ਨੇ ਅਜੇ ਤੱਕ ਸੰਜੇ ਕਟਾਰੀਆ ਦਾ ਨਾਮ ਐੱਫਆਈਆਰ ਵਿੱਚ ਹੋਣ ਦੇ ਬਾਵਜੂਦ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਉਹ ਵਾਰ-ਵਾਰ ਡੱਬਵਾਲੀ ਦੇ ਐੱਸਪੀ, ਆਈ ਰੇਂਜ ਹਿਸਾਰ, ਡੀਜੀਪੀ ਹਰਿਆਣਾ ਨੂੰ ਮਿਲ ਚੁੱਕੀ ਹੈ ਅਤੇ ਉਨ੍ਹਾਂ ਨੂੰ ਇਸ ਮਾਮਲੇ ਤੋਂ ਜਾਣੂ ਕਰਵਾ ਚੁੱਕੀ ਹੈ ਪਰ ਹੁਣ ਤੱਕ ਪੁਲੀਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜਿਸ ਤੋਂ ਇਹ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੁਲੀਸ ਇਸ ਮਾਮਲੇ ਵਿੱਚ ਸੰਜੇ ਕਟਾਰੀਆ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਉਸ ਨੇ ਕਿਹਾ ਕਿ ਪੁਲੀਸ ਪੀੜਤ ਧਿਰ ’ਤੇ ਕਥਿਤ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਸਬੂਤਾਂ ਸਮੇਤ ਮੁੜ ਡੀਜੀਪੀ ਹਰਿਆਣਾ, ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਮਿਲੇਗੀ ਅਤੇ ਇਨਸਾਫ਼ ਦੀ ਮੰਗ ਕਰੇਗੀ। ਉਨ੍ਹਾਂ ਨੇ ਪੁਲੀਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ ਸੰਜੇ ਕਟਾਰੀਆ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ।
ਕਿਸੇ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ: ਐੱਸਪੀ
ਇਸ ਸਬੰਧੀ ਡੱਬਵਾਲੀ ਦੀ ਐੱਸਪੀ ਨਿਖਿਤਾ ਖੱਟਰ ਨੇ ਆਖਿਆ ਕਿ ਇਸ ਮਾਮਲੇ ’ਚ ਛੇ ਮੁਲਜ਼ਮਾਂ ਨੂੰ ਹੁਣ ਤੱਕ ਪੁਲੀਸ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸੰਜੇ ਕਟਾਰੀਆ ਦੀ ਇਸ ਮਾਮਲੇ ’ਚ ਭੂਮਿਕਾ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪੁਲੀਸ ਉਨ੍ਹਾਂ ਦੀ ਭੂਮਿਕਾ ਬਾਰੇ ਬਾਰੀਕੀ ਨਾਲ ਜਾਂਚ ਕਰ ਰਹੀ ਹੈ।