ਮਾਲਵਾ: ਝੋਨੇ ਦੀ ਲੁਆਈ ਲਈ ਨਿੱਤਰੀਆਂ ਔਰਤਾਂ
ਜੋਗਿੰਦਰ ਸਿੰਘ ਮਾਨ
ਮਾਨਸਾ, 19 ਜੂਨ
ਮਾਲਵਾ ਖੇਤਰ ਵਿੱਚ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਮਾਰ ਕਾਰਨ ਨਰਮੇ ਹੇਠੋਂ ਵੱਡੀ ਪੱਧਰ ’ਤੇ ਰਕਬਾ ਘਟ ਗਿਆ ਹੈ। ਇਹ ਰਕਬਾ ਘਟਣ ਕਾਰਨ ਦੱਖਣੀ ਪੰਜਾਬ ਵਿੱਚ ਖੇਤੀ ਵਿਭਿੰਨਤਾ ਨੂੰ ਵੱਡੀ ਸੱਟ ਵੱਜੀ ਹੈ ਅਤੇ ਝੋਨੇ ਹੇਠ ਰਕਬਾ ਵੱਡੀ ਪੱਧਰ ’ਤੇ ਵੱਧ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਵਧੇ ਰਕਬੇ ਨੂੰ ਲੈ ਕੇ ਖੇਤੀ ਅਧਿਕਾਰੀਆਂ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਦੂਜੇ ਪਾਸੇ ਧੜਾ-ਧੜ ਲੱਗ ਰਹੇ ਝੋਨੇ ਲਈ ਹੁਣ ਮਜ਼ਦੂਰਾਂ ਦੀ ਘਾਟ ਸਾਹਮਣੇ ਆਉਣ ਲੱਗੀ ਹੈ। ਮਲਵਈ ਔਰਤਾਂ ਨੂੰ ਝੋਨੇ ਹੇਠ ਵਧਿਆ ਇਹ ਰਕਬਾ ਰਾਸ ਆਉਣ ਲੱਗਾ ਹੈ। ਪਿੰਡਾਂ ਵਿੱਚ ਹੁਣ ਝੋਨਾ ਲਾਉਣ ਵਾਲੀਆਂ ਔਰਤਾਂ ਦਾ ਮੁੱਲ ਪੈਣ ਲੱਗਿਆ ਹੈ।
ਹੁਣ ਇਹ ਔਰਤਾਂ ਮਾਲਵੇ ਦੇ ਖੇਤਾਂ ਵਿਚ ਝੋਨਾ ਲਾਉਣ ਲੱਗੀਆਂ ਹਨ। ਪੇਂਡੂ ਖੇਤਰਾਂ ਵਿਚ ਝੋਨੇ ਦੇ ਖੇਤਾਂ ਵਿਚ ਝੋਨਾ ਲਾਉਣ ਵਾਲੇ ਮਜ਼ਦੂਰਾਂ ਵਿਚੋਂ ਅੱਧਿਆਂ ਤੋਂ ਵੱਧ ਔਰਤਾਂ ਵਿਖਾਈ ਦਿੰਦੀਆਂ ਹਨ। ਨਰਮਾ ਪੱਟੀ ਦੇ ਜ਼ਿਲ੍ਹਿਆਂ ਵਿਚ ਪਹਿਲਾਂ ਨਰਮੇ ਦੀ ਚੁਗਾਈ ਦਾ ਜ਼ਿਆਦਾ ਕੰਮ ਔਰਤਾਂ ਕਰਦੀਆਂ ਸਨ ਪਰ ਹੁਣ ਤਾਜ਼ਾ ਪਏ ਮੀਂਹਾਂ ਦਾ ਲਾਹਾ ਲੈਂਦਿਆਂ ਅਤੇ ਪਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲੁਵਾਈ ਵਿੱਚ ਔਰਤਾਂ ਦੀ ਵਧਵੀ ਹਿੱਸੇਦਾਰੀ ਪਹਿਲੀ ਵਾਰ ਸਾਹਮਣੇ ਆਈ ਹੈ।
ਮਿਲੇ ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਪੇਂਡੂ ਔਰਤਾਂ ਨੇ ਆਪਣੇ ਗਰੁੱਪ ਬਣਾਏ ਹੋਏ ਹਨ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਠੇਕੇ ਉਪਰ ਪ੍ਰਤੀ ਏਕੜ 4000-4500 ਰੁਪਏ ਦੇ ਹਿਸਾਬ ਨਾਲ ਝੋਨਾ ਲਗਾ ਰਹੀਆਂ ਹਨ। ਆਮ ਤੌਰ ’ਤੇ ਛੇ-ਸੱਤ ਔਰਤਾਂ ਇੱਕ ਦਿਨ ਵਿੱਚ ਇੱਕ ਏਕੜ ਝੋਨਾ ਆਸਾਨੀ ਨਾਲ ਲਗਾ ਦਿੰਦੀਆਂ ਹਨ, ਜਿਸ ਦੇ ਹਿਸਾਬ ਉਨ੍ਹਾਂ ਦੀ ਪ੍ਰਤੀ ਔਰਤ ਪ੍ਰਤੀ ਦਿਨ ਦਿਹਾੜੀ 400-450 ਰੁਪਏ ਪੈਂਦੀ ਹੈ। ਆਮ ਤੌਰ ’ਤੇ ਔਰਤਾਂ ਦੇ ਇਹ ਗਰੁੱਪ ਇੱਕੋ ਹੀ ਪਿੰਡ ਦੇ ਇੱਕੋ ਹੀ ਮੁਹੱਲੇ ਜਾਂ ਵਿਹੜੇ ਨਾਲ ਸਬੰਧਤ ਹੁੰਦੇ ਹਨ, ਜਿਸ ਕਰਕੇ ਇਨ੍ਹਾਂ ਵਿਚ ਆਪਸੀ ਤਾਲਮੇਲ ਅਤੇ ਸਹਿਯੋਗ ਕਾਇਮ ਰਹਿੰਦਾ ਹੈ।
ਇੱਕ ਖੇਤ ਵਿੱਚ ਝੋਨਾ ਲਾ ਰਹੀਆਂ ਪਰਮਜੀਤ ਕੌਰ, ਸਿੰਦੋ ਕੌਰ, ਗੁਰਮੇਲ ਕੌਰ, ਸੁਖਪ੍ਰੀਤ ਕੌਰ, ਮੂਰਤੀ ਕੌਰ, ਸੁਖਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਕੰਮ ਤੋਂ ਸੰਤੁਸ਼ਟ ਹਨ ਅਤੇ ਖੁਸ਼ੀ ਹਾਸਲ ਕਰ ਰਹੀਆਂ ਹਨ ਤੇ ਲਗਾਤਾਰ ਆਪਣੇ ਪਰਿਵਾਰ ਨੂੰ ਪਾਲਣ ਲਈ ਕਮਾਈ ਵੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰਾਂ ਦੇ ਮਰਦ ਵੀ ਇਸ ਕਾਰਜ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਅਕਸਰ ਕੰਮ ਦੌਰਾਨ ਉਨ੍ਹਾਂ ਚਾਹ-ਪਾਣੀ ਅਤੇ ਰੋਟੀ-ਟੁੱਕ ਦਾ ਪ੍ਰਬੰਧ ਕਰਨ ਵਿੱਚ ਵੀ ਸਹਾਇਤਾ ਕਰਦੇ ਹਨ।