ਪਰਮਜੀਤ ਸਿੰਘ
ਫਾਜ਼ਿਲਕਾ, 6 ਜੁਲਾਈ
ਕਾਮਰੇਡ ਆਗੂਆਂ ਨੂੰ ਅੱਜ ਥਾਣਾ ਸਿਟੀ ਨੇੜੇ ਡੀਸੀ ਖ਼ਿਲਾਫ਼ ਪੋਸਟਰ ਲਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਉਪਰੰਤ ਲੋਕਾਂ ਨੇ ਥਾਣਾ ਘੇਰ ਲਿਆ ਜਿਸ ਤੋਂ ਬਾਅਦ ਪੁਲੀਸ ਨੂੰ ਮਜ਼ਦੂਰ ਆਗੂਆਂ ਨੂੰ ਤੁਰੰਤ ਰਿਹਾਅ ਕਰਨਾ ਪਿਆ। ਇਸ ਸਬੰਧੀ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਥਾਣਾ ਸਿਟੀ ਫਾਜ਼ਿਲਕਾ ਦੇ ਮੁਖੀ ਲੇਖ ਰਾਜ ਪੱਟੀ ਨੇ ਦੱਸਿਆ ਕਿ ਆਗੂਆਂ ਖ਼ਿਲਾਫ਼ ਨਗਰ ਕੌਂਸਲ ਦੇ ਅਧਿਕਾਰੀ ਦੀ ਸ਼ਿਕਾਇਤ ’ਤੇ ਨਗਰ ਕੌਂਸਲ ਦੀ ਪ੍ਰਾਪਰਟੀ ’ਤੇ ਬਿਨਾਂ ਇਜਾਜ਼ਤ ਡੀਸੀ ਖ਼ਿਲਾਫ਼ ਪੋਸਟਰ ਲਾਉਣ ਸਬੰਧੀ ਪਹਿਲੀ ਜੁਲਾਈ ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਤਹਿਤ ਅੱਜ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਸੀਨੀਅਰ ਆਗੂਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ। ਥਾਣੇ ਦਾ ਘਿਰਾਓ ਕਰਨ ਪੁੱਜੇ ਕਾਮਰੇਡ ਸੁਰਿੰਦਰ ਢੰਡੀਆਂ, ਸੁਬੇਗ ਝੰਗੜਭੈਣੀ ਅਤੇ ਰਾਜਵਿੰਦਰ ਨੌੌਲਾ ਨੇ ਕਿਹਾ ਕਿ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਮਗਨਰੇਗਾ ਕਾਨੂੰਨ ਤਹਿਤ ਨਰੇਗਾ ਕਾਮਿਆਂ ਨੂੰ ਪਾਰਦਰਸ਼ੀ ਢੰਗ ਨਾਲ ਕੰਮ ਦਿਵਾਉਣ ਲਈ ਲਗਾਤਾਰ ਮੰਗ ਕੀਤੀ ਜਾ ਰਹੀ ਹੈ, ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਨ ‘ਤੇ ਜੂੰ ਨਾ ਸਰਕਣ ਕਾਰਨ ਉਹ ਵਿਰੋਧ ਕਰ ਰਹੇ ਹਨ ਅਤੇ ਡੀਸੀ ਦੇ ਲਗਾਤਾਰ ਪੁਤਲੇ ਫੂਕੇ ਜਾ ਰਹੇ ਹਨ। ਵਿਰੋਧ ਦੇ ਰੂਪ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਡੀਸੀ ਖ਼ਿਲਾਫ਼ ਪੋਸਟਰ ਲਗਾਏ ਗਏ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਸ ਦਾ ਤਬਾਦਲਾ ਕੀਤਾ ਜਾਵੇ।