ਪੱਤਰ ਪ੍ਰੇਰਕ
ਮਾਨਸਾ, 24 ਜੂਨ
ਸਿਹਤ ਵਿਭਾਗ ਦੀ ਟੀਮ ਵੱਲੋਂ ਮਾਨਸਾ ਵਿੱਚ ਤੰਬਾਕੂ ਦੇ ਪਦਾਰਥਾਂ ਦੀ ਵਿਕਰੀ ਕਰਨ ਵਾਲੀਆਂ ਦੁਕਾਨਾਂ/ਖੋਖਿਆਂ ਦੀ ਚੈਕਿੰਗ ਕੀਤੀ ਗਈ ਅਤੇ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਜੁਰਮਾਨੇ ਕੀਤੇ ਗਏ। ਇਸ ਚੈਕਿੰਗ ਦੌਰਾਨ 9 ਵਿਅਕਤੀਆਂ ਨੂੰ ਜੁਰਮਾਨਾ ਕੀਤਾ ਗਿਆ।
ਜ਼ਿਲ੍ਹਾ ਨੋਡਲ ਅਫ਼ਸਰ ਦਰਸ਼ਨ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਮਨਾਹੀ ਦੇ ਬਾਵਜੂਦ ਖੁੱਲ੍ਹੀਆਂ ਸਿਗਰਟਾਂ ਦੀ ਵਿਕਰੀ ਕਰਨ ਵਾਲੇ ਅਤੇ ਦੁਕਾਨਾਂ ’ਤੇ 18 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨੂੰ ਤੰਬਾਕੂ ਨਾ ਵੇਚਣ ਸਬੰਧੀ ਸਾਈਨ ਬੋਰਡ ਨਾ ਲਾਉਣ ਵਾਲੇ ਦੁਕਾਨਦਾਰਾਂ ਨੂੰ ਜੁਰਮਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਤੰਬਾਕੂਨੋਸ਼ੀ ਕਾਰਨ ਸਰੀਰ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਐਕਟ ਦੀ ਧਾਰਾ 06 ਅਨੁਸਾਰ ਵਿੱਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ ’ਤੇ ਪਾਬੰਦੀ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਵਿਖੇ ਬਸ ਸਟੈਂਡ ਅਤੇ ਆਲੇ ਦੁਆਲੇ ਦੁਕਾਨਾਂ, ਖੋਖਿਆਂ ਅਤੇ ਜਨਤਕ ਥਾਵਾਂ ’ਤੇ ਤੰਬਾਕੂ ਦਾ ਸੇਵਨ ਕਰਨ ਵਾਲੇ 9 ਵਿਅਕਤੀਆਂ ਨੂੰ ਜੁਰਮਾਨਾ ਕੀਤਾ ਗਿਆ। ਇਸ ਮੌਕੇ ਅਸ਼ਵਨੀ ਕੁਮਾਰ, ਨਿਰਮਲ ਸਿੰਘ, ਸੁਖਪਾਲ ਸਿੰਘ ਵੀ ਮੌਜੂਦ ਸਨ।