ਪਿੰਡ ਸੈਦੇ ਸ਼ਾਹਵਾਲਾ ਦੀ ਜ਼ਮੀਨ ’ਤੇ ਕਿਸਾਨਾਂ ਨੇ ਝੋਨਾ ਲਾਇਆ
ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 5 ਜੁਲਾਈ
ਇੱਥੋਂ ਦੇ ਆੜ੍ਹਤੀਏ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਵਿਧਵਾ ਔਰਤ ਦੀ ਚਾਰ ਕਨਾਲ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਅੱਜ ਉਸ ਵੇਲੇ ਹੋਰ ਤਿੱਖਾ ਹੋ ਗਿਆ ਜਦੋਂ ਕਿਸਾਨ ਜਥੇਬੰਦੀ ਦੇ ਸੈਂਕੜੇ ਕਿਸਾਨਾਂ ਨੇ ਸਬੰਧਤ ਜ਼ਮੀਨ ’ਤੇ ਫਿਰ ਤੋਂ ਕਬਜ਼ਾ ਕਰਕੇ ਉਸ ਵਿੱਚ ਝੋਨਾ ਲਾ ਦਿੱਤਾ। ਵਿਧਵਾ ਔਰਤ ਕਰਮਜੀਤ ਕੌਰ ਨਜ਼ਦੀਕੀ ਪਿੰਡ ਸੈਦੇ ਸਾਹਵਾਲਾ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਇੱਥੋਂ ਦੇ ਆੜ੍ਹਤੀਏ ਸੁਰਜੀਤ ਸਿੰਘ ਨਾਲ ਲੈਣ ਦੇਣ ਦੱਸਿਆ ਜਾਂਦਾ ਹੈ। ਇਸ ਦੇ ਚੱਲਦਿਆਂ ਆੜ੍ਹਤੀ ਵੱਲੋਂ ਦਿੱਤੀ ਰਕਮ ਦੀ ਵਸੂਲੀ ਲਈ ਅਦਾਲਤ ਦਾ ਰੁਖ਼ ਕੀਤਾ ਗਿਆ ਸੀ। ਆੜ੍ਹਤੀ ਵੱਲੋਂ ਔਰਤ ਤੋਂ ਜ਼ਮੀਨ ਦੇ ਕਰਵਾਏ ਬਿਆਨੇ ਦੇ ਆਧਾਰ ’ਤੇ ਅਦਾਲਤ ਨੇ ਆੜ੍ਹਤੀਏ ਦੇ ਹੱਕ ਵਿੱਚ ਫੈਸਲਾ ਕਰ ਦਿੱਤਾ ਸੀ। ਤਿੰਨ ਦਿਨ ਪਹਿਲਾਂ ਅਦਾਲਤੀ ਹੁਕਮਾਂ ਦੇ ਚੱਲਦਿਆਂ ਪ੍ਰਸ਼ਾਸਨ ਨੇ ਆੜ੍ਹਤੀ ਸੁਰਜੀਤ ਸਿੰਘ ਨੂੰ ਜ਼ਮੀਨ ਦਾ ਕਬਜ਼ਾ ਦਿਵਾਇਆ ਸੀ। ਉਸ ਦਿਨ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੇ ਇਸ ਕਬਜ਼ੇ ਦਾ ਵਿਰੋਧ ਕੀਤਾ ਸੀ। ਕਿਸਾਨ ਜਥੇਬੰਦੀ ਨੇ ਅੱਜ ਉਸ ਜ਼ਮੀਨ ’ਤੇ ਇਕੱਠ ਰੱਖਿਆ ਸੀ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਨੇ ਪਹਿਲਾਂ ਉੱਥੇ ਪੰਚਾਇਤ ਕੀਤੀ ਅਤੇ ਲਏ ਫੈਸਲੇ ਮੁਤਾਬਕ ਜ਼ਮੀਨ ਨੂੰ ਤਿਆਰ ਕਰਕੇ ਉੱਥੇ ਝੋਨਾ ਲਗਾ ਦਿੱਤਾ।
ਡੀਐੱਸਪੀ ਰਮਨਦੀਪ ਸਿੰਘ ਅਤੇ ਥਾਣਾ ਮੁਖੀ ਸੁਨੀਤਾ ਬਾਵਾ ਮੌਕੇ ਤੇ ਪਹੁੰਚੇ ਅਤੇ ਕਿਸਾਨਾਂ ਨੂੰ ਅਦਾਲਤੀ ਹੁਕਮਾਂ ਦਾ ਹਵਾਲਾ ਦੇ ਕੇ ਅਜਿਹਾ ਕਰਨ ਤੋਂ ਵਰਜਿਆ ਪਰ ਕਿਸਾਨ ਆਗੂ ਜ਼ਮੀਨ ਦਾ ਕਬਜ਼ਾ ਵਿਧਵਾ ਕਰਮਜੀਤ ਕੌਰ ਨੂੰ ਦਿਵਾਉਣ ਲਈ ਬੇਜਿੱਦ ਰਹੇ। ਇਸ ਦੇ ਚੱਲਦਿਆਂ ਪੁਲੀਸ ਨੂੰ ਮਜਬੂਰੀਵੱਸ ਖਾਲੀ ਹੱਥ ਮੁੜਨਾ ਪਿਆ। ਕਿਸਾਨ ਆਗੂ ਅਵਤਾਰ ਸਿੰਘ ਧਰਮ ਸਿੰਘ ਵਾਲਾ ਨੇ ਦੱਸਿਆ ਕਿ ਬੀਬੀ ਕਰਮਜੀਤ ਕੌਰ ਨੇ ਆੜ੍ਹਤੀਏ ਦੀ ਮਾਮੂਲੀ ਰਕਮ ਹੀ ਦੇਣੀ ਸੀ ਪਰ ਆੜ੍ਹਤੀਏ ਵੱਲੋਂ ਲਿਖਤ ਨੂੰ ਬਦਲ ਕੇ ਉਸ ’ਤੇ ਆਪਣੀ ਮਰਜ਼ੀ ਦੀ ਰਕਮ ਲਿਖ ਕੇ ਅਦਾਲਤ ਨੂੰ ਗੁੰਮਰਾਹ ਕੀਤਾ ਹੈ।
ਵਿਧਵਾ ਕਰਮਜੀਤ ਕੌਰ ਦਾ ਕਹਿਣਾ ਸੀ ਕਿ ਉਸ ਨੇ ਕੋਈ ਵੱਡੀ ਰਕਮ ਆੜ੍ਹਤੀ ਸੁਰਜੀਤ ਸਿੰਘ ਕੋਲੋਂ ਨਹੀਂ ਲਈ ਸੀ। ਉਸ ਨੇ ਸਾਡੇ ਨਾਲ ਸਰਾਸਰ ਧੱਕੇਸ਼ਾਹੀ ਕੀਤੀ ਹੈ।
ਕਿਸਾਨਾਂ ਨੇ ਅਦਾਲਤੀ ਹੁਕਮਾਂ ਦੀ ਕੀਤੀ ਉਲੰਘਣਾ: ਆੜ੍ਹਤੀ
ਜ਼ਮੀਨ ਮਾਮਲੇ ਸਬੰਧੀ ਆੜ੍ਹਤੀ ਸੁਰਜੀਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਹ ਲੰਘੇ ਦੋ ਸਾਲਾਂ ਤੋਂ ਅਦਾਲਤੀ ਕਾਨੂੰਨੀ ਲੜਾਈ ਲੜ ਰਹੇ ਹਨ। ਉਨ੍ਹਾਂ ਨੇ ਇਸ ਮਾਮਲੇ ਨੂੰ ਕਈ ਵਾਰ ਪੰਚਾਇਤ ਰਾਹੀਂ ਵੀ ਹੱਲ ਕਰਨ ਦਾ ਯਤਨ ਕੀਤਾ ਪਰ ਬੀਬੀ ਕਰਮਜੀਤ ਕੌਰ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀ ਦੇ ਆਗੂ ਵੀ ਉਸ ਨਾਲ ਸਪੰਰਕ ਵਿੱਚ ਸਨ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਜਥੇਬੰਦੀ ਨੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਕੇ ਉਨ੍ਹਾਂ ਦੀ ਬੀਜੀ ਫਸਲ ਵਾਹ ਦਿੱਤੀ ਹੈ।