ਡਿਵੀਜ਼ਨਲ ਕਮਿਸ਼ਨਰ ਵੱਲੋਂ ਝੁਨੀਰ ਸਬ-ਤਹਿਸੀਲ ਦਫ਼ਤਰ ਦਾ ਦੌਰਾ
ਜੋਗਿੰਦਰ ਸਿੰਘ ਮਾਨ
ਮਾਨਸਾ, 2 ਜੁਲਾਈ
ਡਿਵੀਜ਼ਨਲ ਕਮਿਸ਼ਨਰ ਫਰੀਦਕੋਟ ਰੇਂਜ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ’ਚ ਕੰਮ ਕਰਵਾਉਣ ਲਈ ਆਉਣ ਵਾਲੇ ਬਜ਼ੁਰਗਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾਣ ਤੇ ਕੰਮਾਂ ’ਚ ਬੇਲੋੜੀ ਦੇਰੀ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਅੱਜ ਮਾਨਸਾ ਜ਼ਿਲ੍ਹੇ ਦੇ ਸਬ-ਤਹਿਸੀਲ ਝੁਨੀਰ ਵਿੱਚ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਦਾ ਨਿਰੀਖਣ ਕੀਤਾ।
ਡਿਵੀਜ਼ਨਲ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਸ਼ਾਨਦੇਹੀਆਂ, ਤਕਸੀਮਾਂ, ਪੜਤਾਲਾਂ, ਰਿਕਵਰੀਆਂ ਦੇ ਕੇਸਾਂ ਦਾ ਸਮਾਂਬੱਧ ਢੰਗ ਨਾਲ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਾਰਾ ਦਫ਼ਤਰੀ ਰਿਕਾਰਡ ਮੁਕੰਮਲ ਤੌਰ ’ਤੇ ਸੰਭਾਲ ਕੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਤਹਿਸੀਲ ਦਫ਼ਤਰਾਂ ’ਚ ਚੱਲਣ ਵਾਲੇ ਅਦਾਲਤੀ ਕੇਸਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨਾ ਲਾਜ਼ਮੀ ਬਣਾਇਆ ਜਾਵੇ। ਉੁਨ੍ਹਾਂ ਕਿਹਾ ਕਿ ਦਫ਼ਤਰਾਂ ਵਿਚ ਰੋਜ਼ਾਨਾ ਸਮੂਹ ਸਟਾਫ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿਚ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਪੇਸ਼ ਨਾ ਆਵੇ।
ਇਸ ਤੋਂ ਪਹਿਲਾਂ ਉਨ੍ਹਾਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨਾਲ ਜ਼ਿਲ੍ਹਾਂ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਵਾਤਾਵਰਨ ਕਮੇਟੀ ’ਚ ਸ਼ਾਮਲ ਅਧਿਕਾਰੀਆਂ ਤੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ।
ਸ੍ਰੀ ਮਨਜੀਤ ਸਿੰਘ ਬਰਾੜ ਨੇ ਕਾਰਜਸਾਧਕ ਅਫ਼ਸਰਾਂ ਸਮੇਤ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਪ੍ਰਦੂਸ਼ਣ ਦੀ ਰੋਕਥਾਮ ਲਈ ਲੋੜੀਂਦੇ ਉਪਰਾਲੇ ਕਰਨ ਅਤੇ ਬਰਸਾਤੀ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸਿੰਗਲ ਯੂਜ਼ ਪਲਾਸਟਿਕ ਅਤੇ ਹੋਰ ਗ਼ੈਰ ਮਿਆਰੀ ਸਮੱਗਰੀ ਦੀ ਰੋਕਥਾਮ ਲਈ ਚਲਾਣ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਡਾ. ਗੁਰਲੀਨ ਕੌਰ, ਐੱਸਡੀਐੱਮ ਕਾਲਾ ਰਾਮ ਕਾਂਸਲ, ਗਗਨਦੀਪ ਸਿੰਘ, ਜਗਪਾਲ ਸਿੰਘ, ਜਸਵੀਰ ਸਿੰਘ ਤੇ ਹੋਰ ਹਾਜ਼ਰ ਸਨ।