ਕੰਡਕਟਰ ਦੀ ਕੁੱਟਮਾਰ: ਹਰਿਆਣਾ ਰੋਡਵੇਜ਼ ਕਾਮਿਆਂ ਵੱਲੋਂ ਚੱਕਾ ਜਾਮ
ਪ੍ਰਭੂ ਦਿਆਲ
ਸਿਰਸਾ, 19 ਜੂਨ
ਫਤਿਹਾਬਾਦ ਡਿੱਪੂ ਦੇ ਕੰਡਕਟਰ ’ਤੇ ਕੁਝ ਮੁੰਡਿਆਂ ਵੱਲੋਂ ਕੀਤੇ ਗਏ ਹਮਲੇ ’ਚ ਸ਼ਾਮਲ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਅੱਜ ਕਰਮਚਾਰੀਆਂ ਨੇ ਰੋਡਵੇਜ਼ ਦਾ ਚੱਕਾ ਜਾਮ ਰੱਖਿਆ। ਮੁਲਾਜ਼ਮਾਂ ਨੇ ਬੱਸ ਅੱਡੇ ’ਤੇ ਧਰਨਾ ਦਿੱਤਾ ਤੇ ਸਰਕਾਰ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਚਨਚੇਤ ਰੋਡਵੇਜ ਮੁਲਾਜ਼ਮਾਂ ਵੱਲੋਂ ਚੱਕਾ ਜਾਮ ਕੀਤੇ ਜਾਣ ਦੇ ਕਾਰਨ ਯਾਤਰੀਆਂ ਨੂੰ ਗਰਮੀ ਵਿੱਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਤੇ ਰਾਜਸਥਾਨ ਦੀਆਂ ਬੱਸਾਂ ਆਮ ਵਾਂਗ ਚਲੀਆਂ, ਜਿਸ ਨਾਲ ਯਾਤਰੀਆਂ ਨੂੰ ਕੁਝ ਰਾਹਤ ਮਿਲੀ। ਰੋਡਵੇਜ਼ ਮੁਲਾਜ਼ਮ ਯੂਨੀਆਂ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਚੱਕਾ ਜਾਮ ਰਾਤ 12 ਵਜੇ ਤੱਕ ਦਾ ਹੈ ਅਤੇ ਜੇ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਨਾ ਕੀਤਾ ਤਾਂ ਇਸ ਹੜਤਾਲ ਨੂੰ ਅੱਗੇ ਪੂਰੇ ਸੂਬੇ ਵਿੱਚ ਵਧਾਇਆ ਜਾਵੇਗਾ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਫਤਿਹਾਬਾਦ ਡਿਪੂ ਦੀ ਬੱਸ ਦੇ ਕੰਡਕਟਰ ਨਾਲ ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਸਿਰਸਾ ’ਚ ਰੋਡਵੇ਼ਜ ਦੇ ਮੁਲਾਜ਼ਮਾਂ ਨੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਤੇ ਧਰਨਾ ਦੇ ਕੇ ਸਰਕਾਰ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜੀ ਕੀਤੀ। ਯੂਨੀਅਨ ਦੇ ਡਿੱਪੂ ਪ੍ਰਧਾਨ ਪ੍ਰਿਥਵੀ ਸਿੰਘ ਚਾਹਰ, ਚਮਨ ਲਾਲ ਸਵਾਮੀ ਅਤੇ ਲਡੂ ਰਾਮ ਕਿਹਾ ਕਿ 16 ਜੂਨ ਨੂੰ ਹਰਿਆਣਾ ਡਿੱਪੂ ਦੀ ਇੱਕ ਬੱਸ ਹਰਿਦੁਆਰ ਤੋਂ ਫਤਿਹਾਬਾਦ ਜਾ ਰਹੀ ਸੀ। ਇਸ ਦੌਰਾਨ ਹਿਸਾਰ ਤੋਂ ਬੱਸ ’ਚ ਚੜ੍ਹੇ ਕੁਝ ਮੁੰਡਿਆਂ ਨੇ ਟਿਕਟ ਨਹੀਂ ਲਈ। ਜਦੋਂ ਕੰਡਕਟਰ ਨੇ ਇੱਕ ਨੌਜਵਾਨ ਨੂੰ ਟਿਕਟ ਖਰੀਦਣ ਲਈ ਕਿਹਾ ਤਾਂ ਉਸ ਨੇ ਨਾ ਸਿਰਫ ਟਿਕਟ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ 10-15 ਦੋਸਤਾਂ ਅਗਲੇ ਅੱਡੇ ’ਤੇ ਬੁਲਾ ਕੇ ਕੰਡਕਟਰ ’ਤੇ ਹਮਲਾ ਕਰ ਦਿੱਤਾ। ਕੰਡਕਟਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਕੰਡਕਟਰ ਦਾ ਅਗਰੋਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਰੋਡਵੇਜ਼ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਰੋਡਵੇਜ਼ ਦੀਆਂ ਬੱਸਾਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਪਰ ਪੁਲੀਸ ਮੁਲਜ਼ਮਾਂ ਖ਼ਿਲਾਫ਼ ਕਰਵਾਈ ਨਹੀਂ ਕਰ ਰਹੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਆਪਣੀ ਹੜਤਾਲ ਨੂੰ ਅਣਮਿੱਥੇ ਸਮੇਂ ਤੱਕ ਪੂਰੇ ਸੂਬੇ ’ਚ ਕਰਨ ਲਈ ਮਜਬੂਰ ਹੋਣਗੇ।