ਨਿਕਾਸੀ ਪਾਈਪ ਪਾਉਣ ਮੌਕੇ ਪੁਲੀਸ ਤੇ ਲੋਕਾਂ ਵਿਚਾਲੇ ਧੱਕਾਮੁੱਕੀ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 13 ਜੂਨ
ਪਿੰਡ ਮੋਰਾਂਵਾਲੀ ਵਿੱਚ ਨਿਕਾਸੀ ਪਾਣੀ ਦੀ ਪਾਈਪ ਪਾਉਣ ਦਾ ਪਿਛਲੇ ਕਈ ਮਹੀਨਿਆਂ ਤੋਂ ਰੁਕਿਆ ਕੰਮ ਆਖ਼ਰ ਹੰਗਾਮੇ ਮਗਰੋਂ ਨੇਪਰੇ ਚੜ੍ਹ ਗਿਆ। ਇਸ ਦੌਰਾਨ ਪੁਲੀਸ ਅਤੇ ਪੁਲੀ ਦਾ ਵਿਰੋਧ ਕਰਨ ਵਾਲੇ ਪਰਿਵਾਰਾਂ ਵਿੱਚ ਧੱਕਾ-ਮੁੱਕੀ ਵੀ ਹੋਈ। ਦੋਵੇਂ ਧਿਰਾਂ ਨੇ ਇੱਕ ਦੂਜੇ ਉਪਰ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ।
ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਸੜਕ ਗ੍ਰਾਮ ਯੋਜਨਾ ਤਹਿਤ ਪਿੰਡ ਪੱਕਾ ਤੋਂ ਘੁਮਿਆਰਾ ਤੱਕ ਸੜਕ ਬਣਾਈ ਜਾ ਰਹੀ ਸੀ ਅਤੇ ਪਿੰਡ ਮੋਰਾਂਵਾਲੀ ਵਿੱਚ ਸੜਕ ਹੇਠੋਂ ਨਿਕਾਸੀ ਪਾਣੀ ਦੀ ਪਾਈਪ ਚੌੜੀ ਕਰਨ ਕਰ ਕੇ ਕਲੇਸ਼ ਸ਼ੁਰੂ ਹੋ ਗਿਆ। ਪਿੰਡ ਵਾਸੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਪੰਚਾਇਤ ਕਥਿਤ ਤੌਰ ’ਤੇ ਧੱਕੇ ਨਾਲ ਉਨ੍ਹਾਂ ਦੇ ਘਰਾਂ ਲੱਗੇ ਪੁਲੀ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਘਰ ਸੜਕ ਦੇ ਪਿਛਲੇ ਪਾਸੇ ਵੀ ਲੱਗਦੇ ਹਨ ਅਤੇ ਉਨ੍ਹਾਂ ਨੇ ਆਪਣੇ ਘਰਾਂ ਦੀ ਨਿਵਾਸੀ ਲਈ ਪਾਈਪ ਪਾਈ ਹੋਈ ਹੈ। ਪੰਚਾਇਤ ਵੱਲੋਂ ਆਪਣਾ ਪੱਖ ਰੱਖਦਿਆਂ ਸਰਬਜੀਤ ਸਿੰਘ ਨੇ ਦੱਸਿਆ ਕਿ ਸੜਕ ਨਿਰਮਾਣ ਦਾ ਕੰਮ ਇਸੇ ਪੁਲੀ ਕਰਕੇ ਪਿਛਲੇ 6 ਮਹੀਨੇ ਤੋਂ ਰੁਕਿਆ ਹੋਇਆ ਹੈ ਅਤੇ ਬਾਕੀ ਦੋਵੇਂ ਪਾਸਿਆਂ ਤੋਂ ਸੜਕ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੜਕ ਬਣਨ ਕਰਕੇ ਨਿਕਾਸੀ ਲਈ ਪਹਿਲਾਂ ਵਾਲੀ ਪਾਈਪ ਦੀ ਜਗ੍ਹਾ ’ਤੇ ਹੀ ਪੁਲੀ ਬਣਾਈ ਜਾ ਰਹੀ ਹੈ ਪਰ ਕੁਝ ਪਰਿਵਾਰ ਇਸ ਦਾ ਬਿਨਾਂ ਵਜ੍ਹਾ ਵਿਰੋਧ ਕਰ ਰਹੇ ਹਨ। ਜਦੋਂ ਹੀ ਜੇਸੀਬੀ ਨਾਲ ਅਧਿਕਾਰੀਆਂ ਨੇ ਪੁਲੀ ਪੁਟਣ ਦਾ ਕੰਮ ਸ਼ੁੁਰੂ ਕੀਤਾ ਤਾਂ ਵਿਰੋਧ ਕਰਨ ਵਾਲੇ ਪਰਿਵਾਰਾਂ ਦੇ ਕੁਝ ਮੈਂਬਰ ਜੇਸੀਬੀ ਮਸ਼ੀਨ ਦੇ ਅੱਗੇ ਆ ਕੇ ਕੰਮ ਰੋਕਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਸਮੇਂ ਪੁਲੀਸ ਨੇ ਉਨ੍ਹਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਵਿੱਚ ਧੱਕਾਮੁੱਕੀ ਹੋ ਗਈ ਪਰ ਪੁਲੀਸ ਨੇ ਬਲ ਦਾ ਪ੍ਰਯੋਗ ਕਰਕੇ ਸਾਰਿਆਂ ਨੂੰ ਉਥੋਂ ਹਟਾ ਦਿੱਤਾ ਅਤੇ ਪੁਲੀ ਦਾ ਕੰਮ ਮੁਕੰਮਲ ਕਰਵਾ ਦਿੱਤਾ। ਡੀਐੱਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਉਹ ਅਧਿਕਾਰੀਆਂ ਨੂੰ ਸੁਰੱਖਿਆ ਮੁਹੱਇਆ ਕਰਵਾਉਣ ਆਏ ਹਨ ਅਤੇ ਜਿਵੇ ਪਹਿਲਾਂ ਨਿਕਾਸੀ ਚੱਲ ਰਹੀ ਹੈ, ਉਥੇ ਹੀ ਪ੍ਰਸ਼ਾਸਨ ਨੇ ਪੁਲੀ ਬਣਾਉਣ ਦੇ ਹੁਕਮ ਦਿੱਤੇ ਸਨ ਜੋ ਲਾਗੂ ਕਰਵਾ ਦਿੱਤੇ ਗਏ ਹਨ।