ਖੇਤੀ ਹਾਦਸਿਆਂ ਦੇ ਪੀੜਤਾਂ ਨੂੰ ਚੈੱਕ ਵੰਡੇ
ਸੰਜੀਵ ਬੱਬੀ
ਚਮਕੌਰ ਸਾਹਿਬ, 11 ਜਨਵਰੀ
ਪੰਜਾਬ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਕਰਦਿਆਂ ਹਾਦਸਿਆਂ ਵਿੱਚ ਆਪਣੀ ਜਾਨ ਗਵਾਉਣ ਜਾਂ ਅੰਗ ਗਵਾਉਣ ਵਾਲਿਆਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਇੱਥੋਂ ਦੀ ਮਾਰਕੀਟ ਕਮੇਟੀ ਵਿੱਚ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਕਰਦਿਆਂ ਹਾਦਸੇ ਦੇ ਸ਼ਿਕਾਰ ਹੋਏ ਪੰਜ ਵਿਅਕਤੀਆਂ ਨੂੰ 4 ਲੱਖ 20 ਹਜ਼ਾਰ ਰੁਪਏ ਦੇ ਚੈੱਕ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਸਹੇੜੀ ਵੀ ਹਾਜ਼ਰ ਸਨ। ਪਿੰਡ ਮਕੜੌਨਾਂ ਕਲਾਂ ਦੇ ਵਰਿੰਦਰ ਸਿੰਘ ਦੀ ਖੇਤਾਂ ਵਿੱਚ ਮੋਟਰ ਤੋਂ ਪਾਣੀ ਲਗਾਉਣ ਸਮੇਂ ਕਰੰਟ ਲੱਗਣ ਕਾਰਨ ਮੌਤ ਹੋਣ ਉਪਰੰਤ 3 ਲੱਖ, ਨਵਰਾਜ ਸਿੰਘ ਪਿੰਡ ਮਨੈਲੀ ਦਾ ਹੱਥ ਟੋਕੇ ਵਾਲੀ ਮਸ਼ੀਨ ਵਿੱਚ ਆਉਣ ਕਾਰਨ ਅੰਗੂਠਾ ਕੱਟਣ ’ਤੇ 12 ਹਜ਼ਾਰ ਰੁਪਏ, ਕਾਂਤਾ ਦੇਵੀ ਪਤਨੀ ਦਲਬਾਰਾ ਸਿੰਘ ਵਾਸੀ ਬਹਿਰਾਮਪੁਰ ਬੇਟ ਦੀਆਂ ਟੋਕੇ ਵਾਲੀ ਮਸ਼ੀਨ ਵਿੱਚ ਆਉਣ ਕਾਰਨ ਚਾਰ ਉਂਗਲਾਂ ਕੱਟ ਜਾਣ ’ਤੇ 48 ਹਜ਼ਾਰ ਰੁਪਏ, ਭੂਸ਼ਨ ਚੌਧਰੀ ਪਿੰਡ ਮਾਲੇਵਾਲ ਦਾ ਥਰੈਸ਼ਰ ਵਿੱਚ ਆਉਣ ਕਾਰਨ ਸੱਜਾ ਹੱਥ ਕੱਟੇ ਜਾਣ ’ਤੇ 48 ਹਜ਼ਾਰ ਰੁਪਏ ਅਤੇ ਜਗਦੀਸ਼ ਸਿੰਘ ਵਾਸੀ ਬਰਸਾਲਪੁਰ ਨੂੰ ਟਰਾਲੀ ਦੇ ਡਾਲੇ ਵਿੱਚ ਅੰਗੂਠਾ ਕੱਟਣ ਲਈ 12 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਨਗਰ ਕੌਂਸਲ ਦੇ ਵਾਇਸ ਪ੍ਰਧਾਨ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਰਾਜਨੀਤਕ ਸਕੱਤਰ ਜਗਤਾਰ ਸਿੰਘ ਘੜੂੰਆਂ, ਆੜ੍ਹਤੀ ਉੱਜਲ ਸਿੰਘ, ਮਨਜੀਤ ਸਿੰਘ ਕੰਗ, ਤਰਲੋਚਨ ਸਿੰਘ, ਬਲਜੀਤ ਸਿੰਘ, ਨਾਇਬ ਸਿੰਘ, ਪੀਐੱਸ ਰਾਣਾ ਅਤੇ ਗੁਰਵੀਰ ਸਿੰਘ ਹਾਜ਼ਰ ਸਨ।