ਸਰਕਾਰੀ ਜਬਰ ਖ਼ਿਲਾਫ਼ ਜਨਤਕ ਅੰਦੋਲਨ ਵਿੱਢਣ ਦਾ ਸੱਦਾ
ਜੋਗਿੰਦਰ ਸਿੰਘ ਮਾਨ
ਮਾਨਸਾ, 5 ਜੂਨ
ਪੰਜਾਬ ਵਿੱਚ ਦਿਨੋਂ-ਦਿਨ ਵੱਧ ਰਹੇ ਸਰਕਰੀ ਜਬਰ ਖ਼ਿਲਾਫ਼ ਭੀਖੀ ਵਿੱਚ ਜਨਤਕ ਰੈਲੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਜੇ ਸਰਕਾਰੀ ਜਬਰ-ਜੁਲਮ ਖਿਲਾਫ਼ ਇਕੱਠੇ ਹੋ ਕੇ ਅੰਦੋਲਨ ਨਾ ਵਿੱਢਿਆ ਗਿਆ ਤਾਂ ਪੰਜਾਬ ਵਿੱਚ ਲੋੋਕਾਂ ਦੀ ਆਵਾਜ਼ ਉਠਾਉਣ ਵਾਲੇ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕਣ ਦਾ ਸਿਲਸਿਲਾ ਹੋਰ ਤੇਜ਼ ਹੋ ਜਾਵੇਗਾ। ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ ਨੇ ਕਿਹਾ ਕਿ ਪੰਜਾਬ ਵਿੱਚ ਭਾਵੇਂ ਖੇਤ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਨਸ਼ਿਆਂ ਨੂੰ ਰੋਕਣ ਵਾਲੇ ਨੌਜਵਾਨਾਂ ’ਤੇ ਹੋ ਰਹੇ ਹਮਲਿਆਂ ਖਿਲਾਫ਼ ਅਵਾਜ਼ ਉੱਠੀ ਹੈ ਪਰ ਅਜਿਹੇ ਜਬਰ ਖਿਲਾਫ਼ ਇਕੱਠਿਆਂ ਹੋ ਕੇ ਵੱਡੀ ਲੜਾਈ ਵਿੱਢਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗੋਨਿਆਣਾ ਦੇ ਨਰਿੰਦਰਦੀਪ ਸਿੰਘ ਦੀ ਪੁਲੀਸ ਜਬਰ ’ਚ ਹੋਈ ਮੌਤ ਵੱਡਾ ਮੁੱਦਾ ਬਣਿਆ ਹੋਇਆ ਹੈ, ਜਦੋਂ ਪਿੰਡ ਭਾਈ ਬਖਤੌਰ ਵਿਖੇ ਨਸ਼ਿਆਂ ਨੂੰ ਰੋਕਣ ਵਾਲੇ ਅਤੇ ਸੰਗਰੂਰ ਵਿੱਚ ਖੇਤ ਮਜ਼ਦੂਰਾਂ ਦੇ ਸੰਘਰਸ਼ ਨੂੰ ਕੁਚਲਣ ਲਈ ਸਰਕਾਰ ਦੇ ਕੋਝੇ ਹੱਥਾਂ ਸਭ ਦੇ ਸਾਹਮਣੇ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੂੰ ਘੇਰਨ ਲਈ ਇਕਮਿੱਕ ਹੋਣ ਦੀ ਲੋੜ ਹੈ। ਉਨ੍ਹਾਂ ਆਪਣੀ ਤਕਰੀਰ ਦੌਰਾਨ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਜਿਸ ਕਿਸੇ ਪਰਿਵਾਰ ਦੇ ਏਜੰਟਾਂ ਦੁਆਰਾ ਪੈਸੇ ਨੱਪੇ ਹੋਏ ਹਨ, ਸਭ ਦੀ ਮੱਦਦ ਕਰਕੇ ਪੈਸੇ ਵਾਪਸ ਕਰਵਾਏ ਜਾਣਗੇ। ਇਸ ਮੌਕੇ ਸੱਤਪਾਲ ਸਿੰਘ ਖਿਆਲਾ, ਕਰਨੈਲ ਸਿੰਘ ਅਤਲਾ, ਰਣਜੀਤ ਸਿੰਘ ਮੋਹਰ ਸਿੰਘ ਵਾਲਾ, ਸੁਖਦੀਪ ਸਿੰਘ ਤੇ ਹੋਰ ਹਾਜ਼ਰ ਸਨ।