DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ ’ਚ ਨਸ਼ਾ ਤਸਕਰਾਂ ਦੀਆਂ ਉਸਾਰੀਆਂ ’ਤੇ ਚੱਲਿਆ ਬੁਲਡੋਜ਼ਰ

ਦੋ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ; ਮੁਲਜ਼ਮਾਂ ਖ਼ਿਲਾਫ਼ ਦਰਜ ਹਨ 16 ਕੇਸ
  • fb
  • twitter
  • whatsapp
  • whatsapp
featured-img featured-img
ਬਠਿੰਡਾ ’ਚ ਨਸ਼ਾ ਤਸਕਰਾਂ ਦੀਆਂ ਉਸਾਰੀਆਂ ਢਾਹੁੰਦੀ ਹੋਈ ਪ੍ਰਸ਼ਾਸਨਿਕ ਟੀਮ।
Advertisement

ਸਿਵਲ ਪ੍ਰਸ਼ਾਸਨ ਅਤੇ ਪੁਲੀਸ ਨੇ ਅੱਜ ਸਾਂਝੀ ਕਾਰਵਾਈ ਕਰਦਿਆਂ ਦੋ ਇਮਾਰਤਾਂ ਨੂੰ ਢਹਿ-ਢੇਰੀ ਕਰ ਦਿੱਤਾ।

ਐੱਸਪੀ (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਸੂਬਾ ਸਰਕਾਰ ਵੱਲੋਂ ਜਾਰੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੋਵੇਂ ਇਮਾਰਤਾਂ ਕਥਿਤ ਨਸ਼ਾ ਤਸਕਰਾਂ ਵੱਲੋਂ ਨਾਜਾਇਜ਼ ਤੌਰ ’ਤੇ ਬਣਾਈਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਨੀਤੂ ਪਤਨੀ ਬਲਵੀਰ ਸਿੰਘ ਵਾਸੀ ਕਰਨ ਕਬਾੜੀਏ ਵਾਲੀ ਗਲੀ ਧੋਬੀਆਣਾ ਬਸਤੀ ਬਠਿੰਡਾ ਅਤੇ ਰਮੇਸ਼ ਸਾਹਨੀ ਉਰਫ ਰੈਂਬੋ ਪੁੱਤਰ ਮਜਨੂੰ ਸਾਹਨੀ ਵਾਸੀ ਗਲੀ ਨੰਬਰ 1 ਬਲਾਕ ਨੰਬਰ 43 ਬੇਅੰਤ ਸਿੰਘ ਨਗਰ ਬਠਿੰਡਾ ਵੱਲੋਂ ਇਹ ਇਮਾਰਤਾਂ ਗ਼ੈਰ-ਕਾਨੂੰਨੀ ਢੰਗ ਨਾਲ ਉਸਾਰੀਆਂ ਹੋਈਆਂ ਸਨ।

Advertisement

ਉਨ੍ਹਾਂ ਕਿਹਾ ਕਿ ਇਸ ਸਬੰਧੀ ਸਮਰੱਥ ਅਥਾਰਿਟੀ ਡਿਪਟੀ ਕਮਿਸ਼ਨਰ-ਕਮ-ਮੈਜਿਸਟਰੇਟ ਵੱਲੋਂ ਇਮਾਰਤ ਢਾਹੁਣ ਮੌਕੇ ਪੁਲੀਸ ਸੁਰੱਖਿਆ ਪ੍ਰਬੰਧ ਕਰਨ ਲਈ ਹਦਾਇਤਾਂ ਪ੍ਰਾਪਤ ਹੋਈਆਂ ਸਨ, ਜਿਸ ਤੋਂ ਬਾਅਦ ਸਿਵਲ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦਿਆਂ, ਇਨ੍ਹਾਂ ਇਮਾਰਤਾਂ ਨੂੰ ਢਾਹਿਆ ਗਿਆ। ਉਨ੍ਹਾਂ ਦੱਸਿਆ ਕਿ ਗ਼ੈਰ-ਕਾਨੂੰਨੀ ਇਮਾਰਤਾਂ ਦੀ ਉਸਾਰੀ ਕਰਨ ਵਾਲਿਆਂ ਵਿਰੁੱਧ ਨਸ਼ਾ ਤਸਕਰੀ ਅਤੇ ਹੋਰ ਸੰਗੀਨ ਜੁਰਮਾਂ ਦੇ ਤਹਿਤ ਵੱਖ-ਵੱਖ ਤਰ੍ਹਾਂ ਦੇ 16 ਮੁੱਕਦਮੇ ਦਰਜ ਹਨ। ਐੱਸਪੀ ਨੇ ਦੱਸਿਆ ਉਸਾਰੀਆਂ ਗਈਆਂ ਇਮਾਰਤਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਕਈ ਵਾਰ ਨੋਟਿਸ ਵੀ ਦਿੱਤੇ ਗਏ ਸਨ, ਪ੍ਰੰਤੂ ਕਬਜ਼ਾਕਾਰੀਆਂ ਵੱਲੋਂ ਇਸ ਜਗ੍ਹਾ ਨੂੰ ਖਾਲੀ ਨਾ ਕਰਨ ਕਰਕੇ ਇੱਥੇ ਬੁਲਡੋਜ਼ਰ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

ਉਨ੍ਹਾਂ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬਠਿੰਡਾ ਪੁਲੀਸ ਨੇ ਕਾਰਵਾਈ ਕਰਦਿਆਂ ਲੰਘੀ 1 ਮਾਰਚ ਤੋਂ ਹੁਣ ਤੱਕ 821 ਮੁਕੱਦਮੇ ਦਰਜ ਕਰਕੇ 1276 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ 37 ਵੱਡੇ ਨਸ਼ਾ ਤਸਕਰ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਸਾਲ 2023 ਤੋਂ ਹੁਣ ਤੱਕ ਨਸ਼ਾ ਤਸਕਰਾਂ ਦੀ 10 ਕਰੋੜ 5 ਲੱਖ ਰੁਪਏ ਦੇ ਕਰੀਬ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੁਲੀਸ ਨੂੰ ਆਮ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦਾ ਗ਼ੈਰ ਕਾਨੂੰਨੀ ਤੌਰ ’ਤੇ ਧੰਦਾ ਕਰਨ ਵਾਲਿਆਂ ਦੀ ਜਾਣਕਾਰੀ ਪੰਜਾਬ ਸਰਕਾਰ ਦੀ ਐਂਟੀ ਡਰੱਗ ਹੈਲਪਲਾਈਨ ਨੰਬਰ 97791-00200 ਜਾਂ ਬਠਿੰਡਾ ਪੁਲੀਸ ਦੀ ਐਂਟੀ ਡਰੱਗ ਹੈਲਪਲਾਈਨ ਨੰਬਰ 91155-02252 ’ਤੇ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।

Advertisement
×