ਭਾਰਤ ਬੰਦ: ਮਾਨਸਾ ’ਚ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਲਾਮਬੰਦੀ
ਜੋਗਿੰਦਰ ਸਿੰਘ ਮਾਨ
ਮਾਨਸਾ, 2 ਜੁਲਾਈ
ਟਰੇਡ ਯੂਨੀਅਨਾਂ ਦੇ ਸੱਦੇ ਮੋਦੀ ਸਰਕਾਰ ਖਿਲਾਫ਼ 9 ਜੁਲਾਈ ਨੂੰ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਮਾਲਵਾ ਖੇਤਰ ਵਿੱਚ ਮਜ਼ਦੂਰ, ਕਿਸਾਨ, ਮੁਲਾਜ਼ਮ ਜਥੇਬੰਦੀਆਂ ਵੱਲੋਂ ਲਾਮਬੰਦੀ ਆਰੰਭ ਕਰ ਦਿੱਤੀ ਗਈ ਹੈ।
ਇਸ ਹੜਤਾਲ ਨੂੰ ਲੈ ਕੇ ਮਜ਼ਦੂਰ ਟਰੇਡ ਯੂਨੀਅਨਾਂ, ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਯੂਨੀਅਨਾਂ, ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦਾ ਅੱਜ ਇਥੇ ਇਕੱਠ ਹੋਇਆ। ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਏਕਟੂ ਦੇ ਸੂਬਾ ਆਗੂ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਹਰ ਵਰਗ ਉੱਤੇ ਚਹੁੰਤਰਫਾ ਹਮਲਾ ਕਰ ਰਹੀ ਹੈ, ਉਹ ਭਾਵੇਂ ਕਿਸਾਨ ਹੋਣ, ਮਜ਼ਦੂਰ, ਮੁਲਾਜ਼ਮ ਜਾਂ ਛੋਟੇ ਵਪਾਰੀ ਹੋਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਐੱਮਐੱਸਪੀ ਅਤੇ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਅਤੇ ਲੰਬੇ ਸੰਘਰਸ਼ਾਂ ਤੋਂ ਬਾਅਦ ਪ੍ਰਾਪਤ ਕੀਤੇ ਕਿਰਤ ਕਾਨੂੰਨਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰ ਕਿਰਤ ਕੋਡ ਬਿੱਲ ਰਾਹੀਂ ਮੋਦੀ ਸਰਕਾਰ ਮਜ਼ਦੂਰਾਂ ਦੇ ਹੱਕਾਂ ਉੱਤੇ ਡਾਕਾ ਮਾਰ ਕੇ ਉਸ ਨੂੰ ਕਾਰਪੋਰੇਟ ਗੁਲਾਮੀ ਵੱਲ ਧੱਕ ਰਹੀ ਹੈ ਅਤੇ ਕੰਮ ਦੇ 8 ਘੰਟੇ ਨੂੰ ਘਟਾਉਣ ਦੇ ਬਜਾਏ ਮੋਦੀ ਸਰਕਾਰ ਕੰਮ ਦੇ ਘੰਟੇ 12 ਕਰਨ ਜਾ ਰਹੀ ਹੈ।
ਆਗੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਾਂਝੇ ਤੌਰ ’ਤੇ 9 ਜੁਲਾਈ ਦੀ ਹੜਤਾਲ ਵਿੱਚ ਭਰਵੇਂ ਇਕੱਠ ਕਰਨ ਦਾ ਫੈਸਲਾ ਕੀਤਾ, ਜਿਸ ਵਿੱਚ ਪਿੰਡ-ਪਿੰਡ ਜਾ ਕੇ ਪ੍ਰਚਾਰ ਮੁਹਿੰਮ ਅੱਜ ਤੋਂ ਆਰੰਭ ਕੀਤੀ ਗਈ ਹੈ। ਇਸ ਮੌਕੇ ਵਿਜੈ ਕੁਮਾਰ ਭੀਖੀ, ਕ੍ਰਿਸ਼ਨ ਸਿੰਘ, ਬਲਵਿੰਦਰ ਸਿੰਘ, ਲਾਲ ਚੰਦ, ਧੰਨਾ ਮੱਲ ਗੋਇਲ, ਅਮਰੀਕ ਫਫੜੇ ਤੇ ਬੋਘ ਸਿੰਘ ਮਾਨਸਾ ਹਾਜ਼ਰ ਸਨ।