ਮਜ਼ਦੂਰਾਂ ਨੂੰ ਹੱਕਾਂ ਲਈ ਹਾਕਮਾਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ
ਜੋਗਿੰਦਰ ਸਿੰਘ ਮਾਨ
ਮਾਨਸਾ, 30 ਅਪਰੈਲ
ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਭ੍ਰਿਸ਼ਟ ਤੇ ਫਿਰਕਾਪ੍ਰਸਤ ਹਾਕਮਾਂ ਖ਼ਿਲਾਫ਼ ਅਤੇ ਆਪਣੇ ਹੱਕਾਂ ਲਈ ਮਜ਼ਦੂਰ ਸ਼ਕਤੀ ਉਸਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 22 ਅਪਰੈਲ ਨੂੰ ਪਹਿਲਗਾਮ ’ਚ ਮਾਰੇ ਗਏ ਲੋਕਾਂ ਦਾ ਪੂਰਾ ਦੇਸ਼ ਸੋਗ ਮਨਾ ਰਿਹਾ ਹੈ, ਪਰ ਪ੍ਰਧਾਨ ਮੰਤਰੀ ਮੋਦੀ ਚੋਣ ਰੈਲੀਆਂ ਕਰ ਰਹੇ ਹਨ ਜਿਸ ਤੋਂ ਸਾਫ ਹੈ ਕਿ ਭਾਜਪਾ ਮੋਦੀ ਸਰਕਾਰ ਨੂੰ ਲੋਕਾਂ ਦੀ ਜਾਨ ਨਾਲੋਂ ਸੱਤਾ ਦੀ ਕੁਰਸੀ ਪਿਆਰੀ ਹੈ। ਉਹ ਅੱਜ ਮਾਨਸਾ ਨੇੜਲੇ ਪਿੰਡ ਖਾਰਾ ਵਿਚ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਜਪਾ ਪੱਖੀ ਮੀਡੀਆ ਵੱਲੋਂ ਦੇਸ਼ ਅੰਦਰ ਮੁਸਲਮਾਨਾਂ ਖ਼ਿਲਾਫ਼ ਕੀਤੇ ਕੂੜ ਪ੍ਰਚਾਰ ਨੂੰ ਭਾਰਤੀ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਕੇ ਸਾਬਤ ਕਰ ਦਿੱਤਾ ਹੈ ਕਿ ਸਾਂਝੀ ਏਕਤਾ ਹੀ ਫਿਰਕਾਪ੍ਰਸਤ ਤਾਕਤਾਂ ਅਤੇ ਅਤਿਵਾਦ ਨੂੰ ਹਰਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਸ਼ਕਤੀ ਉਸਾਰੋ ਚੇਤਨਾ ਮੁਹਿੰਮ ਤਹਿਤ ਜ਼ਮੀਨ ਹੱਦਬੰਦੀ ਕਾਨੂੰਨ ਨੂੰ ਲਾਗੂ ਕਰਵਾਉਣ, ਮਨਰੇਗਾ ਕਾਨੂੰਨ ਤਹਿਤ ਹਰ ਇੱਕ ਮਜ਼ਦੂਰ ਨੂੰ ਸਾਲ ਵਿੱਚ 200 ਦਿਨ ਕੰਮ ਦਿਹਾੜੀ 800 ਰੁਪਏ ਲਾਗੂ ਕਰਵਾਉਣਾ, ਪ੍ਰਾਈਵੇਟ ਸਕੂਲਾਂ ਅੰਦਰ ਸਿੱਖਿਆ ਅਧਿਕਾਰ ਕਾਨੂੰਨ ਨੂੰ ਲਾਗੂ ਕਰਵਾਉਣ, ਔਰਤਾਂ ਨਾਲ ਕੀਤੇ 1000 ਰੁਪਏ ਦਾ ਚੋਣ ਵਾਅਦਾ ਲਾਗੂ ਕਰਵਾਉਣ, ਬੁਢਾਪਾ ਪੈਨਸ਼ਨ ਦੀ ਉਮਰ ਹੱਦ 65 ਦੀ ਥਾਂ 55 ਸਾਲ ਕਰਾਉਣਾ, ਬੇਜ਼ਮੀਨੇ ਮਜ਼ਦੂਰਾਂ ਨੂੰ ਕੱਟੇ ਰਿਹਾਇਸ਼ੀ ਪਲਾਟਾਂ ਦੀ ਮਾਲਕੀ ਦਵਾਉਣਾ, ਅਤੇ ਦਲਿਤਾਂ ਉਪਰ ਹੋ ਰਹੇ ਅੱਤਿਆਚਾਰਾਂ ਖਿਲਾਫ ਮਜ਼ਦੂਰ ਵਰਗ ਨੂੰ ਲਾਮਬੰਦ ਕੀਤਾ ਜਾਵੇਗਾ।