ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 24 ਜੂਨ
ਇੱਥੋਂ ਨੇੜਲੇ ਪਿੰਡ ਦੇਵੀਦਾਸਪੁਰਾ ਵਿੱਚ ਅੱਜ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਅੱਲਾ ਰੱਖਾ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਘਰ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ ’ਚ ਆਉਣ ਕਾਰਨ ਨੌਜਵਾਨ ਨੂੰ ਝਟਕਾ ਲੱਗਿਆ ਜੋ ਉਸ ਦੀ ਮੌਤ ਦਾ ਕਾਰਨ ਬਣਿਆ। ਇਸੇ ਪਰਿਵਾਰ ਦਾ ਇੱਕ ਹੋਰ ਬੱਚਾ ਵੀ ਕਰੀਬ 10 ਸਾਲ ਪਹਿਲਾਂ ਵੀ ਇੱਥੋਂ ਬਿਜਲੀ ਦਾ ਕਰੰਟ ਲੱਗਣ ਕਾਰਨ ਆਪਣੀ ਜਾਨ ਗਵਾ ਚੁੱਕਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਆਪਣੇ ਹਾਦਸੇ ਤੋਂ ਹੀ ਉਹ ਲਗਾਤਾਰ ਬਿਜਲੀ ਵਿਭਾਗ ਨੂੰ ਘਰ ਉੱਪਰੋਂ ਤਾਰਾਂ ਪਾਸੇ ਕਰਨ ਲਈ ਸ਼ਿਕਾਇਤਾਂ ਕਰ ਰਹੇ ਹਨ, ਪਰ ਕੋਈ ਸੁਣਵਾਈ ਨਹੀਂ ਹੋਈ। ਮ੍ਰਿਤਕ ਦੇ ਪਰਿਵਾਰ ਨੇ ਗੰਭੀਰ ਦੋਸ਼ ਲਗਾਏ ਹਨ ਕਿ ਉਹ 10 ਸਾਲਾਂ ਤੋਂ ਬਿਜਲੀ ਵਿਭਾਗ ਨੂੰ ਲਿਖਤੀ ਰੂਪ ਵਿੱਚ ਤਾਰਾਂ ਹਟਾਉਣ ਲਈ ਕਈ ਵਾਰੀ ਕਹਿ ਚੁੱਕੇ ਹਨ, ਪਰ ਕਿਸੇ ਨੇ ਵੀ ਗੰਭੀਰਤਾ ਨਾਲ ਕੰਮ ਨਹੀਂ ਕੀਤਾ।
ਦੂਜੇ ਪਾਸੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਘਟਨਾ ’ਤੇ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਇਹ ਤਾਰਾਂ ਪਹਿਲਾਂ ਤੋਂ ਲੱਗੀਆਂ ਹੋਈਆਂ ਹਨ, ਜਦ ਇੱਥੇ ਮਕਾਨ ਨਹੀਂ ਬਣਿਆ ਸੀ। ਮਕਾਨ ਬਾਅਦ ਵਿੱਚ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਾਰਾਂ ਨੂੰ ਹਟਾਉਣ ਲਈ ਐਸਟੀਮੇਟ ਬਣਾਇਆ ਗਿਆ ਸੀ ਪਰ ਉਸ ਦੇ ਪੈਸੇ ਜਮ੍ਹਾਂ ਨਹੀਂ ਹੋਏ, ਜਿਸ ਕਰਕੇ ਤਰ੍ਹਾਂ ਹਟਾਈਆਂ ਨਹੀਂ ਜਾ ਸਕੀਆਂ।