ਵੰਡ ਸਮੇਂ ਝੁੱਲੀ ਫ਼ਿਰਕੂ ਹਨੇਰੀ ਨੇ ਆਦਮੀ ਨੂੰ ਬਣਾ ਦਿੱਤਾ ਸੀ ਹੈਵਾਨ: ਸੌਂਦ
ਪੱਤਰ ਪ੍ਰੇਰਕ
ਅੰਮ੍ਰਿਤਸਰ, 15 ਜੂਨ
ਜਨਵਾਦੀ ਲੇਖਕ ਸੰਘ ਵੱਲੋਂ ਕਰਵਾਏ ‘ਕਿਛ ਸੁਣੀਐ ਕਿਛੁ ਕਹੀਐ’ ਸਮਾਗਮ ਦੌਰਾਨ ਪ੍ਰਿੰ. ਨਰੋਤਮ ਸਿੰਘ ਅਤੇ ਡਾ. ਇਕਬਾਲ ਕੌਰ ਸੌਂਦ ਨੇ ਸੰਬੋਧਨ ਕੀਤਾ। ਉਨ੍ਹਾਂ ਸੰਤਾਲੀ ਦੇ ਉਜਾੜੇ ਦੀਆਂ ਲੂੰ ਕੰਢੇ ਖੜ੍ਹੇ ਕਰਨ ਵਾਲੀਆਂ ਗੱਲਾਂ ਕਰਦਿਆਂ ਆਪਣੇ ਬਾਪ ਗਹਿਲ ਸਿੰਘ ਛੱਜਲਵਿੱਡੀ ਦਾ ਉਚੇਚਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਵੇਲਿਆਂ ਵਿੱਚ ਝੁੱਲੀ ਫ਼ਿਰਕੂ ਹਨੇਰੀ ਨੇ ਆਦਮੀ ਨੂੰ ਹੈਵਾਨ ਬਣਾ ਦਿੱਤਾ ਸੀ ਅਤੇ ਮੁਲਕ ਛੱਡ ਕੇ ਜਾਣ ਵਾਲਿਆਂ ਦੀ ਬਾਂਹ ਫੜਨ ਕਰ ਕੇ ਹੀ ਉਨ੍ਹਾਂ ਦੇ ਬਾਪ ਨੂੰ ਦੰਗਈਆਂ ਦੀ ਦਰਿੰਦਗੀ ਦਾ ਸ਼ਿਕਾਰ ਹੋਣਾ ਪਿਆ ਸੀ।
ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਮਾਝੇ ਦੀਆਂ ਨਾਮਵਰ ਵਿਦਿਅਕ ਸੰਸਥਾਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ ਅੰਮ੍ਰਿਤਸਰ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਸਰਹਾਲੀ ਵਿੱਚ ਆਧਿਆਪਨ ਦਾ ਕਾਰਜ ਕਰਦੇ ਰਹੇ ਪ੍ਰਿੰ. ਨਰੋਤਮ ਸਿੰਘ ਅਤੇ ਡਾ. ਸੌਂਦ ਪੰਜਾਬੀ ਸਾਹਿਤ ਵਿਚ ਸਤਿਕਾਰਤ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ।
ਮਨਮੋਹਨ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਜਨਵਾਦੀ ਲੇਖਕ ਸੰਘ ਦੇ ਸਹਿਯੋਗ ਨਾਲ ਬਜ਼ੁਰਗ ਲੇਖਕਾਂ ਨਾਲ ਕੀਤੀਆਂ ਇਨ੍ਹਾਂ ਮੁਲਾਕਾਤਾਂ ਨੂੰ ਕਿਤਾਬੀ ਰੂਪ ਵਿਚ ਸਾਂਭਣ ਦਾ ਉਪਰਾਲਾ ਕਰਨਗੇ। ਨਾਰੀ ਚੇਤਨਾ ਮੰਚ ਦੀ ਪ੍ਰਧਾਨ ਜਸਪਾਲ ਭਾਟੀਆ, ਡਾ. ਸਰਤਾਜ ਸਿੰਘ ਅਤੇ ਡਾ. ਕਿਰਨ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੁੱਲਵਾਨ ਟਿੱਪਣੀਆਂ ਕੀਤੀਆਂ।
ਸਭਾ ਵੱਲੋਂ ਸੁਮੀਤ ਸਿੰਘ ਅਤੇ ਡਾ. ਕਸ਼ਮੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।