ਸਬ ਇੰਸਪੈਕਟਰ ਕਤਲ ਕਾਂਡ; ਵਿਧਾਇਕ ਨੇ ਐੱਸਐੱਸਪੀ ਖ਼ਿਲਾਫ਼ ਖੋਲ੍ਹਿਆ ਮੋਰਚਾ
ਗੁਰਬਖਸ਼ਪੁਰੀ/ਜਤਿੰਦਰ ਸਿੰਘ ਬਾਵਾ
ਤਰਨ ਤਾਰਨ/ਸ੍ਰੀ ਗੋਇੰਦਵਾਲ ਸਾਹਿਬ, 23 ਮਈ
ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਹਲਕੇ ਦੇ ਪਿੰਡ ਕੋਟ ਮੁਹੰਮਦ ਖਾਂ ਵਿੱਚ ਸਬ-ਇੰਸਪੈਕਟਰ ਚਰਨਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਐੱਸਐੱਸਪੀ ਤਰਨਤਾਰਨ ਅਭਿਮਨਿਊ ਰਾਣਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਵਿਧਾਇਕ ਲਾਲਪੁਰਾ ਨੇ ਸੋਸ਼ਲ ਮੀਡੀਆ ’ਤੇ ਐੱਸਐੱਸਪੀ ਨੂੰ ਇਸ ਕਤਲ ਕੇਸ ਦੀ ਜਾਂਚ ਪ੍ਰਭਾਵਿਤ ਕਰਨ ਅਤੇ ਅਸਲ ਸਬੂਤ ਕਥਿਤ ਖੁਰਦ-ਬੁਰਦ ਕਰਨ ਦੇ ਦੋਸ਼ ਲਾਏ ਹਨ।
ਇਲਾਕੇ ਦੇ ਪਿੰਡ ਕੋਟ ਮੁਹੰਮਦ ਖਾਂ ਵਿੱਚ ਡੇਢ ਮਹੀਨਾ ਪਹਿਲਾਂ ਪਿੰਡ ਦੀਆਂ ਦੋ ਧਿਰਾਂ ਦਰਮਿਆਨ ਹੋਏ ਤਕਰਾਰ ਵਿੱਚ ਸਬ-ਇੰਸਪੈਕਟਰ ਚਰਨਜੀਤ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਮਾਮਲੇ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਸਮੇਤ 70 ਜਣਿਆਂ ਖਿਲਾਫ਼ ਕੇਸ ਦਰਜ ਕਰਕੇ 20 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਹਾਲੇ ਵੀ ਜੇਲ੍ਹਾਂ ਵਿੱਚ ਬੰਦ ਹਨ| ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਆਪਣੇ ਫੇਸਬੁੱਕ ਪੇਜ ’ਤੇ ਪੋਸਟ ਪਾ ਕੇ ਇਸ ਮਾਮਲੇ ਸਬੰਧੀ ਐੱਸਐੱਸਪੀ ਅਭਿਮਨਿਊ ਰਾਣਾ ਵਲੋਂ ਆਪਣੇ ਅਧੀਨ ਅਧਿਕਾਰੀਆਂ ’ਤੇ ਕਥਿਤ ਦਬਾਅ ਪਾ ਕੇ ਕਾਨੂੰਨ ਦੀ ਗਲਤ ਵਰਤੋਂ ਕਰਨ, ਅਸਲ ਤੱਥਾਂ ਨੂੰ ਛੁਪਾਉਣ, ਸਰਕਾਰ ਅਤੇ ਵਿਭਾਗ ਨੂੰ ਗੁੰਮਰਾਹ ਕਰਨ ਅਤੇ ਤੱਥਾਂ ਨੂੰ ਕਥਿਤ ਤੋੜ-ਮਰੋੜ ਕੇ ਪੇਸ਼ ਕਰਕੇ ਵੱਡੀ ਗਿਣਤੀ ਪਿੰਡ ਵਾਸੀਆਂ ਖਿਲਾਫ਼ ਕੇਸ ਦਰਜ ਕਰਨ ਦਾ ਦੋਸ਼ ਲਾਇਆ ਹੈ| ਵਿਧਾਇਕ ਨੇ ਕਿਹਾ ਕਿ ਇਹ ਮਾਮਲਾ ਆਮ ਨਹੀਂ ਹੈ ਬਲਕਿ ਵੱਖ ਵੱਖ ਰਾਜਸੀ ਧਿਰਾਂ ਨਾਲ ਸਬੰਧਿਤ ਵੱਡੀ ਗਿਣਤੀ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ| ਉਨ੍ਹਾਂ ਕਿਹਾ ਕਿ ਇਕ ਸਾਜਿਸ਼ ਤਹਿਤ ਇਸ ਮਾਮਲੇ ਦੇ ਸਬੂਤਾਂ ਨੂੰ ਮਿਟਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ| ਉਨ੍ਹਾਂ ਐੱਸਐੱਸਪੀ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ।
ਐੱਸਐੱਸਪੀ ਨੇ ਦੋਸ਼ ਨਕਾਰੇ
ਐੱਸਐੱਸਪੀ ਅਭਿਮਨਿਊ ਰਾਣਾ ਨੇ ਵਿਧਾਇਕ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੂਰੀ ਜਾਂਚ ਤੋਂ ਬਾਅਦ ਇੰਸਪੈਕਟਰ ਚਰਨਜੀਤ ਸਿੰਘ ਕਤਲ ਮਾਮਲੇ ਵਿੱਚ ਪੁਲੀਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਵਾਰਦਾਤ ਮੌਕੇ ਡੀਐਸਪੀ ਅਤੁਲ ਸੋਨੀ ਮੌਕੇ ’ਤੇ ਮੌਜੂਦ ਸਨ। ਉਨ੍ਹਾਂ ਦੇ ਬਿਆਨਾਂ ’ਤੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਵਿਧਾਇਕ ਨੂੰ ਮਾਮਲੇ ਬਾਬਤ ਕੀਤੀ ਗਈ ਜਾਂਚ ਤੇ ਸ਼ੱਕ ਹੈ ਤਾਂ ਉਹ ਕਿਸੇ ਵੀ ਏਜੰਸੀ ਤੋਂ ਜਾਂਚ ਕਰਵਾ ਸਕਦੇ ਹਨ।
ਵਿਧਾਇਕ ਦੇ ਦੋਸ਼ ਬੇਬੁਨਿਆਦ: ਬ੍ਰਹਮਪੁਰਾ
ਅਕਾਲੀ ਦਲ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਹਲਕਾ ਵਿਧਾਇਕ ਆਪਣੇ ਪਾਰਟੀ ਦੇ ਆਗੂਆਂ ਨੂੰ ਬਚਾਉਣ ਲਈ ਐੱਸਐੱਸਪੀ ’ਤੇ ਬੇਬੁਨਿਆਦ ਦੋਸ਼ ਲਾ ਰਹੇ ਹਲ। ਉਨ੍ਹਾਂ ਕਿਹਾ ਕਿ ਮੌਜੂਦਾ ਵਿਧਾਇਕ ਪਹਿਲਾਂ ਵੀ ਇੱਕ ਈਮਾਨਦਾਰ ਐੱਸਐੱਸਪੀ ਦੀ ਬਦਲੀ ਕਰਵਾ ਚੁੱਕੇ ਹਨ। ਉਨ੍ਹਾਂ ਐਸਐਸਪੀ ਅਭਿਮਨਿਊ ਰਾਣਾ ਨੂੰ ਈਮਾਨਦਾਰ ਪੁਲੀਸ ਅਫ਼ਸਰ ਦੱਸਿਆ।