ਪੱਤਰ ਪ੍ਰੇਰਕ
ਪਠਾਨਕੋਟ, 26 ਜੂਨ
ਪਿੰਡ ਥਰਿਆਲ ਦੇ ਪ੍ਰਾਇਮਰੀ ਸਕੂਲ ਵਿੱਚੋਂ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਵਿੱਚੋਂ ਦੋ ਨੂੰ ਸ਼ਾਹਪੁਰਕੰਢੀ ਪੁਲੀਸ ਨੇ ਕਾਬੂ ਕਰ ਕੇ ਉਨ੍ਹਾਂ ਵੱਲੋਂ ਚੋਰੀ ਕੀਤਾ ਸਾਮਾਨ ਬਰਾਮਦ ਕਰ ਲਿਆ ਹੈ।
ਜਾਂਚ ਅਧਿਕਾਰੀ ਏਐੱਸਆਈ ਧਰਮਪਾਲ ਨੇ ਦੱਸਿਆ ਕਿ 23 ਜੂਨ ਨੂੰ ਅਣਪਛਾਤੇ ਚੋਰਾਂ ਨੇ ਪ੍ਰਾਇਮਰੀ ਸਕੂਲ ਦੇ ਤਾਲੇ ਤੋੜ ਕੇ ਸਕੂਲ ਦੇ ਕਮਰੇ ਵਿੱਚੋਂ ਐਲਈਡੀ, ਦੋ ਗੈਸ ਸਿਲੰਡਰ, ਪੰਜਾਹ ਕਿਲੋ ਕਣਕ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਸੀ। ਇਸ ਸਬੰਧੀ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ।
ਥਾਣੇ ਦੀ ਵਧੀਕ ਐੱਸਐੱਚਓ ਸਬ-ਇੰਸਪੈਕਟਰ ਭੂਮਿਕਾ ਠਾਕੁਰ ਨੇ ਦੱਸਿਆ ਕਿ ਲੰਘੀ ਦੇਰ ਸ਼ਾਮ ਪੁਲੀਸ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਏਐੱਸਆਈ ਧਰਮਪਾਲ ਨੇ ਆਪਣੀ ਟੀਮ ਨਾਲ ਤਿੰਨ ਮੁਲਜ਼ਮਾਂ ਵਿੱਚੋਂ ਦੋ ਨੂੰ ਸਾਮਾਨ ਸਮੇਤ ਫੜ ਲਿਆ। ਮੁਲਜ਼ਮਾਂ ਵਿੱਚ ਪਾਰੁਲ ਸ਼ਰਮਾ ਅਤੇ ਅਜੇ ਕੁਮਾਰ ਵਾਸੀਆਨ ਪਿੰਡ ਥਰਿਆਲ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਚੋਰੀ ਵਿੱਚ ਸ਼ਾਮਲ ਤੀਜਾ ਮੁਲਜ਼ਮ ਫਰਾਰ ਹੈ, ਉਸ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।