ਪੀਐਸਪੀਸੀਐੱਲ (ਬਾਰਡਰ ਜ਼ੋਨ) ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਮਨਵਾਲ ਸਟੇਡੀਅਮ ਵਿੱਚ ਇੱਕ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ 4 ਟੀਮਾਂ ਪਠਾਨਕੋਟ ਪੈਂਥਰਜ਼, ਪਠਾਨਕੋਟ ਇਲੈਵਨ, ਬਟਾਲਾ ਅਤੇ ਗੁਰਦਾਸਪੁਰ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਦਾ ਫਾਈਨਲ ਮੈਚ ਪਠਾਨਕੋਟ ਪੈਂਥਰਜ਼ ਅਤੇ ਪਠਾਨਕੋਟ ਇਲੈਵਨ ਟੀਮਾਂ ਵਿਚਕਾਰ ਹੋਇਆ। ਜਿਸ ਵਿੱਚ ਮੁੱਖ ਮਹਿਮਾਨ ਵਧੀਕ ਐਸਈ ਆਪਰੇਸ਼ਨਲ ਜਸਵਿੰਦਰ ਪਾਲ ਅਤੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਰਾਕੇਸ਼ ਗੁਪਤਾ ਮੌਜੂਦ ਰਹੇ। ਜਿਸ ਵਿੱਚ ਪਠਾਨਕੋਟ ਇਲੈਵਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਅਤੇ ਇਸ ਦੀਆਂ ਪਹਿਲੀਆਂ 3 ਵਿਕਟਾਂ ਧੜਾਧੜ ਡਿੱਗ ਗਈਆਂ। ਜਿਸ ਨਾਲ ਟੀਮ ਦਬਾਅ ਵਿੱਚ ਆ ਗਈ ਅਤੇ ਕੋਈ ਵਧੀਆ ਪ੍ਰਦਰਸ਼ਨ ਨਾ ਦਿਖਾ ਸਕੀ। ਇਸ ਤਰ੍ਹਾਂ ਇਹ ਟੀਮ 20 ਓਵਰ ਵੀ ਪੂਰੇ ਨਾ ਕਰ ਸਕੀ ਅਤੇ 16.3 ਓਵਰਾਂ ਵਿੱਚ 70 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਦੇ ਜਵਾਬ ਵਿੱਚ ਪਠਾਨਕੋਟ ਪੈਂਥਰਜ਼ ਨੇ ਖੇਡਣਾ ਸ਼ੁਰੂ ਕੀਤਾ ਅਤੇ ਬੱਲੇਬਾਜ਼ੀ ਕਰਦਿਆਂ 12.3 ਓਵਰਾਂ ਵਿੱਚ ਹੀ 4 ਵਿਕਟਾਂ ਗੁਆ ਕੇ 71 ਦੌੜਾਂ ਬਣਾ ਕੇ ਆਸਾਨੀ ਨਾਲ 6 ਵਿਕਟਾਂ ਨਾਲ ਮੈਚ ਜਿੱਤ ਲਿਆ। ਇਸ ਤਰ੍ਹਾਂ ਇਸ ਟੀਮ ਨੇ ਟਰਾਫੀ ’ਤੇ ਕਬਜ਼ਾ ਕਰ ਲਿਆ। ਮੁੱਖ ਮਹਿਮਾਨ ਨੇ ਜੇਤੂ ਟੀਮ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਐਸਡੀਓ ਕੇਵਲ ਕ੍ਰਿਸ਼ਨ, ਵਰਿੰਦਰ ਗਿੱਲ, ਜੇਈ ਰਿਸ਼ੂ, ਅਨੂਪ ਸਿੱਧੂ, ਗੌਰਵ, ਰਜਿੰਦਰ, ਸੁਖਜਿੰਦਰ, ਸਲੀਮ ਦੀਪ, ਸੌਰਵ, ਦੀਪਕ ਰਕਵਾਲ, ਉਮੇਸ਼, ਨਰੇਸ਼, ਜਸਵਿੰਦਰ, ਰੋਹਿਤ ਸਲਾਰੀਆ, ਨੀਰਜ, ਵਿਜੇ ਆਦਿ ਹਾਜ਼ਰ ਸਨ।