ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਦੋਸ਼ ਲਾਇਆ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਖੇਤਰ ਦੇ 26 ਗੁਰਦੁਆਰਿਆਂ ਵਿੱਚ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਉਲੀਕੇ ਗਏ ਸਨ, ਪਰ ਹੁਣ ਆਖਰੀ ਮੌਕੇ ਧਰਮ ਪ੍ਰਚਾਰ ਕਮੇਟੀ ਨੇ ਰਾਗੀ, ਢਾਡੀ ਅਤੇ ਕਵੀਸ਼ਰ ਜਥਿਆਂ ਦੀਆਂ ਲਾਈਆਂ ਡਿਊਟੀਆਂ ਰੱਦ ਕਰ ਦਿੱਤੀਆਂ ਹਨ। ਅੱਜ ਇਥੇ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਮੀਡੀਆ ਨਾਲ ਗੱਲ ਕਰਦਿਆਂ ਬੀਬੀ ਕਿਰਨਜੋਤ ਕੌਰ ਅਤੇ ਅਮਰੀਕ ਸਿੰਘ ਸ਼ਾਹਪੁਰ ਦੋਵੇਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਖੇਤਰ ਵਿੱਚ 26 ਗੁਰਦੁਆਰਿਆਂ ਵਿੱਚ ਸ਼੍ਰੋਮਣੀ ਕਮੇਟੀ ਦੀ ਸਹਾਇਤਾ ਨਾਲ ਗੁਰਮਤਿ ਸਮਾਗਮਾਂ ਦਾ ਪ੍ਰੋਗਰਾਮ ਉਲੀਕਿਆ ਸੀ। ਇਹ ਸਮਾਗਮ ਗੁਰੂ ਕੇ ਬੇਟਿਆਂ ਨਾਲ ਸਾਂਝ ਗੂੜੀ ਕਰਨ ਲਈ ਸੰਪਰਕ ਮੁਹਿੰਮ ਤਹਿਤ ਉਲੀਕੇ ਗਏ ਸਨ। ਸਥਾਨਕ ਸਿੱਖਾਂ ਤੇ ਗੁਰਦੁਆਰਾ ਪ੍ਰਬੰਧਕਾਂ ਦੀ ਮੰਗ ’ਤੇ ਸਾਰੇ ਗੁਰਦੁਆਰਿਆਂ ਵਿੱਚ ਗੁਰਮਤਿ ਸਮਾਗਮ ਵਾਸਤੇ ਸ਼੍ਰੋਮਣੀ ਕਮੇਟੀ ਨੇ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਦੀ ਡਿਊਟੀ ਲਾਈ ਸੀ। ਉਹਨਾਂ ਦੋਸ਼ ਲਾਇਆ ਕਿ ਇੱਕ ਸਥਾਨਕ ਅਕਾਲੀ ਆਗੂ ਦੇ ਇਸ਼ਾਰੇ ’ਤੇ ਗੁਰਮਤਿ ਸਮਾਗਮਾਂ ਵਾਸਤੇ ਰਾਗੀ ,ਢਾਡੀ ਅਤੇ ਕਵੀਸ਼ਰ ਜਥਿਆਂ ਦੀਆਂ ਲਾਈਆਂ ਹੋਈਆਂ ਡਿਊਟੀਆਂ ਰੱਦ ਕਰ ਦਿੱਤੀਆਂ ਹਨ। ਜਦੋਂ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸ਼ਤਾਬਦੀ ਕਾਰਨ ਡਿਊਟੀਆਂ ਹੋਰ ਥਾਵਾਂ ’ਤੇ ਲਗਾਈਆਂ ਹੋਣ ਬਾਰੇ ਕਿਹਾ। ਲੇਕਿਨ ਮਾਮਲੇ ਦੀ ਡੂੰਘਾਈ ਵਿੱਚ ਜਾਣ ’ਤੇ ਪਤਾ ਲੱਗਾ ਹੈ ਕਿ ਪ੍ਰੋਗਰਾਮ ਸਿਆਸੀ ਵਿਰੋਧ ਦੀ ਭੇਟ ਚੜ੍ਹ ਗਿਆ ਹੈ।
ਉਨ੍ਹਾਂ ਸਿੱਖ ਸੰਸਥਾ ਦੇ ਪ੍ਰਧਾਨ ਨੂੰ ਸਵਾਲ ਕੀਤਾ ਹੈ ਕਿ ਉਨ੍ਹਾਂ ਕਿਸ ਮਜਬੂਰੀ ਤਹਿਤ ਪਹਿਲਾਂ ਮਿੱਥੇ ਪ੍ਰੋਗਰਾਮ ਨੂੰ ਰੋਕਣ ਦਾ ਯਤਨ ਕੀਤਾ ਹੈ। ਉਹਨਾਂ ਨੇ ਧਰਮ ਪ੍ਰਚਾਰ ਦੇ ਕਾਰਜ ਵਿੱਚ ਰੁਕਾਵਟ ਪਾਉਣ ਦੇ ਇਸ ਯਤਨ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਜਿਨ੍ਹਾਂ ਖੇਤਰਾਂ ਵਿੱਚ ਇਹ ਸਮਾਗਮ ਰੱਖੇ ਗਏ ਸਨ, ਉਥੇ ਵੱਡੀ ਗਿਣਤੀ ਵਿੱਚ ਧਰਮ ਪਰਿਵਰਤਨ ਹੋ ਰਿਹਾ ਹੈ ਅਤੇ ਧਰਮ ਪਰਿਵਰਤਨ ਨੂੰ ਰੋਕਣ ਵਾਸਤੇ ਹੀ ਇਹ ਗੁਰਮਤਿ ਸਮਾਗਮ ਉਲੀਕੇ ਗਏ ਸਨ। ਇਨ੍ਹਾਂ ਖੇਤਰਾਂ ਵਿੱਚ ਲੋਭ ਲਾਲਚ, ਅੰਧ ਵਿਸ਼ਵਾਸ ਤੇ ਵਹਿਮ ਭਰਮ ਦਾ ਆਸਰਾ ਲੈ ਕੇ ਰੰਗਰੇਟਾ ਬਿਰਾਦਰੀ ਵਿੱਚੋਂ ਸਿੱਖਾਂ ਦਾ ਧਰਮ ਪਰਿਵਰਤਨ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।