ਐੱਨਪੀ ਧਵਨ
ਪਠਾਨਕੋਟ, 1 ਜੁਲਾਈ
ਮੁਕਤੇਸ਼ਵਰ ਮੰਦਰ ’ਚ ਰਾਵੀ ਦਰਿਆ ’ਚ ਨਹਾਉਂਦੇ ਸਮੇਂ ਡੁੱਬ ਗਏ ਪਠਾਨਕੋਟ ਦੇ 15 ਸਾਲਾ ਲੜਕੇ ਸੁਰਿਆਂਸ਼ ਦੀ ਲਾਸ਼ ਦਾ ਅਜੇ ਤੱਕ ਕੋਈ ਅਤਾ-ਪਤਾ ਨਹੀਂ ਲੱਗਾ। ਅੱਜ ਐੱਸਡੀਆਰਐੱਫ ਦੀ ਟੀਮ ਨੇ ਸਾਰਾ ਦਿਨ ਮੋਰਚਾ ਸੰਭਾਲੀ ਰੱਖਿਆ ਅਤੇ ਰਾਵੀ ਦਰਿਆ ਦੇ ਪਾਣੀ ਵਿੱਚ ਗੋਤਾਖੋਰ ਸਰਚ ਅਭਿਆਨ ਵਿੱਚ ਜੁਟੇ ਰਹੇ। ਐਸਡੀਆਰਐਫ ਟੀਮ ਦੇ ਇੰਚਾਰਜ ਦੀਪਕ ਕੁਮਾਰ ਐੱਸਆਈ ਸਾਰਾ ਦਿਨ ਟੀਮਾਂ ਨੂੰ ਪਾਣੀ ਅੰਦਰ ਵੱਖ-ਵੱਖ ਸਥਾਨਾਂ ਤੇ ਜਾਣ ਲਈ ਨਿਰਦੇਸ਼ ਦਿੰਦੇ ਰਹੇ। ਇਹ ਟੀਮਾਂ ਆਧੁਨਿਕ ਉਪਕਰਨਾਂ ਨਾਲ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਦੇ ਇਲਾਵਾ ਏਐੱਸਆਈ ਭੁਪਿੰਦਰ ਸਿੰਘ, ਏਐੱਸਆਈ ਬਲਵੰਤ ਸਿੰਘ, ਥਾਣਾ ਮੁਖੀ ਅਮਨਪ੍ਰੀਤ ਕੌਰ, ਪਟਵਾਰੀ ਜਸਪਾਲ, ਸਾਬਕਾ ਸਰਪੰਚ ਅਵਤਾਰ ਸਿੰਘ ਆਦਿ ਵੀ ਸਾਰਾ ਦਿਨ ਇਸ ਆਪਰੇਸ਼ਨ ਦੀ ਨਿਗਰਾਨੀ ਕਰਦੇ ਰਹੇ।
ਇੰਚਾਰਜ ਐੱਸਆਈ ਦੀਪਕ ਕੁਮਾਰ ਨੇ ਦੱਸਿਆ ਕਿ ਰਾਵੀ ਦਰਿਆ ਦੀ ਭੂਗੋਲਿਕ ਸਥਿਤੀ ਨੂੰ ਦੇਖਦੇ ਹੋਏ ਆਪਰੇਸ਼ਨ ਨੂੰ ਸਾਵਧਾਨੀ ਪੂਰਵਕ ਚਲਾਇਆ ਜਾ ਰਿਹਾ ਹੈ। ਗੋਤਾਖੋਰਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਕਸਰ ਬਾਕੀ ਨਾ ਰਹੇ। ਉਨ੍ਹਾਂ ਇਹ ਵੀ ਦੱਸਿਆ ਕਿ ਸਰਚ ਆਪਰੇਸ਼ਨ ਤਦ ਤੱਕ ਜਾਰੀ ਰਹੇਗਾ ਜਦ ਤੱਕ ਕੋਈ ਠੋਸ ਸੁਰਾਗ ਨਹੀਂ ਮਿਲ ਜਾਂਦਾ।
ਜ਼ਿਕਰਯੋਗ ਹੈ ਕਿ ਲੰਘੇ ਦਿਨ ਸ਼ੂਰਿਆਂਸ਼ ਆਪਣੇ ਪਰਿਵਾਰ ਅਤੇ 3 ਦੋਸਤਾਂ ਨਾਲ ਮੁਕਤੇਸ਼ਵਰ ਮੰਦਰ ਵਿੱਚ ਮੱਥਾ ਟੇਕਣ ਗਿਆ ਸੀ ਪਰ ਉਥੇ ਉਹ ਤੇ ਉਸ ਦੇ ਤਿੰਨ ਦੋਸਤ ਰਾਵੀ ਦਰਿਆ ਕਿਨਾਰੇ ਜਾ ਕੇ ਇਸਨਾਨ ਕਰਨ ਲੱਗ ਗਏ। ਪਰ ਸੁਰਿਆਂਸ਼ ਪਾਣੀ ਦੇ ਤੇਜ਼ ਬਹਾਅ ਅਤੇ ਡੂੰਘਾਈ ਦੇ ਚਲਦੇ ਦਰਿਆ ਵਿੱਚ ਰੁੜ੍ਹ ਗਿਆ ਸੀ।