ਮੰਤਰੀ ਈਟੀਓ ਵੱਲੋਂ ਗੱਗੋਮਾਹਲ ਦੇ ਬਹੁਪੱਖੀ ਵਿਕਾਸ ਪ੍ਰਾਜੈਕਟ ਨੂੰ ਪ੍ਰਵਾਨਗੀ
ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਆਪਣੀ ਪਤਨੀ ਸੁਹਿੰਦਰ ਕੌਰ ਸਣੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਜਨਮ ਅਸਥਾਨ ਪਿੰਡ ਗੱਗੋਮਾਹਲ ਵਿਖੇ ਨਤਮਸਤਕ ਹੋਏ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੇ ਸੁੰਦਰੀਕਰਨ ਅਤੇ ਇਤਿਹਾਸਕ ਨਗਰ ਗੱਗੋਮਾਹਲ ਦੇ ਬਹੁਪੱਖੀ ਵਿਕਾਸ ਲਈ 25 ਕਰੋੜ ਰੁਪਏ ਦੀ ਉਲੀਕੀ ਪ੍ਰਾਜੈਕਟ ਕਾਰਜਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਾਰਜਯੋਜਨਾ ਪੇਸ਼ ਕੀਤੀ ਅਤੇ ਕਿਹਾ ਕਿ ਬਾਬਾ ਜੀਵਨ ਸਿੰਘ ਦੇ ਇਸ ਜਨਮ ਅਸਥਾਨ ਦੇ ਵਿਕਾਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੋਈ ਖਾਸ ਦਿਲਚਸਪੀ ਨਹੀਂ ਲਈ ਗਈ, ਸਗੋਂ ਕਾਰਸੇਵਾ ਵਾਲੇ ਬਾਬਾ ਹਰਭਜਨ ਸਿੰਘ ਭਲਵਾਨ ਵੱਲੋਂ ਸੰਗਤ ਦੇ ਸਹਿਯੋਗ ਨਾਲ ਕਾਰਸੇਵਾ ’ਚ ਇਸ ਗੁਰਦੁਆਰਾ ਸਾਹਿਬ ਦੀਆਂ ਸੁੰਦਰ ਇਮਾਰਤਾਂ ਦਾ ਨਿਰਮਾਣ ਹੋਇਆ ਹੈ।
ਮੰਤਰੀ ਹਰਭਜਨ ਸਿੰਘ ਈਟੀਓ ਨੇ 25 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਪ੍ਰਵਾਨ ਕਰਨ ਦਾ ਐਲਾਨ ਕਰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਨੇਪੜੇ ਚਾੜਣ ਮੌਕੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦਾ ਸਿੱਖ ਵਿਦਵਾਨ ਇਮਾਰਤ ਸਾਜਾਂ ਕੋਲੋਂ ਤਕਨੀਕੀ ਨੁਕਤਿਆਂ ਦੇ ਅਧਾਰ ਤੇ ਸ਼ਰਧਾ ਨਾਲ ਸੁੰਦਰੀਕਰਨ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਦੇ ਜੀਵਨ ਬਿਉਰੇ ਤੇ ਅਧਾਰਿਤ ਪੁਸਤਕਾਂ ਦੀ ਲਾਇਬ੍ਰੇਰੀ ਤੇ ਬਾਬਾ ਜੀਵਨ ਸਿੰਘ ਦੇ ਜੀਵਨ ਸੰਬੰਧੀ ਵਿਦਵਾਨਾਂ ਕੋਲੋਂ ਖੋਜ ਵੀ ਕਰਵਾਈ ਜਾਵੇਗੀ। ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਮਾਰਕੀਟ ਕਮੇਟੀ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਜਸਵੰਤ ਸਿੰਘ ਭਲਵਤਨ ਸਰਪੰਚ ਗੱਗੋਮਾਹਲ, ਨਗਰ ਪੰਚਾਇਤ ਪ੍ਰਧਾਨ ਭੱਟੀ ਜਸਪਾਲ ਸਿੰਘ ਢਿਲੋਂ , ਸ਼ਹਿਰੀ ਪ੍ਰਧਾਨ ਅਮਿਤ ਔਲ, ਐੱਸਡੀਓ ਮਨਜਿੰਦਰ ਸਿੰਘ ਮੱਤੇਨੰਗਲ ਮੌਜੂਦ ਸਨ।
ਪਿੰਡਾਂ ’ਚ ਨਸ਼ਾ ਮੁਕਤੀ ਰੈਲੀਆਂ
ਅਜਨਾਲਾ (ਸੁਖਦੇਵ ਸਿੰਘ): ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਪੰਜ ਗਰਾਈਂ ਨਿੱਜਰਾਂ ਅਤੇ ਕਿਆਮਪੁਰ ਵਿੱਚ ਨਸ਼ਾ ਮੁਕਤੀ ਰੈਲੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਲੋਕਾਂ ਕੋਲੋਂ ਪੰਜਾਬ ਨਸ਼ਾ ਮੁਕਤ ਬਣਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਮਿਲ ਰਹੇ ਭਰਵੇਂ ਸਹਿਯੋਗ ਦਾ ਜ਼ਿਕਰ ਕੀਤਾ। ਉਨ੍ਹਾਂ ਨਸ਼ਿਆ ਖ਼ਿਲਾਫ਼ ਸਮੂਹਿਕ ਹਲਫ਼ ਦਿਵਾਇਆ।