ਪੱਤਰ ਪ੍ਰੇਰਕ
ਜੰਡਿਆਲਾ ਮੰਜਕੀ, 24 ਮਈ
ਆਰਐੱਮਪੀਆਈ ਦੇ ਵਰਕਰਾਂ ਅਤੇ ਅਗਾਂਹਵਧੂ ਸੋਚ ਵਾਲੇ ਲੋਕਾਂ ਨੇ ਸਾਂਝੇ ਤੌਰ ’ਤੇ ਜੰਡਿਆਲਾ ਦੇ ਬੱਸ ਅੱਡੇ ਦੇ ਬਾਹਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਪੁਤਲਾ ਫੂਕਿਆ। ਇਰਾਨ ਉੱਪਰ ਅਮਰੀਕੀ-ਇਜ਼ਰਾਇਲੀ ਹਮਲਿਆਂ ਖ਼ਿਲਾਫ਼ ਤਖਤੀਆਂ ਫੜੀ ਆਰਐੱਮਪੀਆਈ ਦੇ ਆਗੂ ਕਾਮਰੇਡ ਮੱਖਣ ਪੱਲ੍ਹਣ ਅਤੇ ਜੰਡਿਆਲਾ ਦੇ ਸਰਪੰਚ ਕਮਲਜੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਮਾਰਚ ਕਰਦਿਆਂ ਬੱਸ ਅੱਡੇ ਦੇ ਬਾਹਰ ਪਹੁੰਚੇ ਅਤੇ ਨਾਅਰੇਬਾਜ਼ੀ ਕੀਤੀ।
ਕਾਮਰੇਡ ਮੱਖਣ ਪੱਲਣ ਨੇ ਕਿਹਾ ਕਿ ਅਮਰੀਕਾ ਵੱਲੋਂ ਇਰਾਨ ’ਤੇ ਬੰਬਾਰੀ ਕਰਨਾ ਇਰਾਨ ਦੀ ਪ੍ਰਭੂਸੱਤਾ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੀ ਉਲੰਘਣਾ ਹੈ ਜਿਸ ਨਾਲ ਪੂਰੀ ਦੁਨੀਆਂ ਵਿੱਚ ਤਣਾਅ ਵਧੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਆਪਣੇ ਹਮਲਿਆਂ ਨੂੰ ਇਹ ਕਹਿ ਕੇ ਜਾਇਜ਼ ਠਹਿਰਾ ਰਹੇ ਹਨ ਕਿ ਇਰਾਨ ਪਰਮਾਣੂ ਹਥਿਆਰ ਵਿਕਸਤ ਕਰ ਰਿਹਾ ਹੈ। ਸਪੱਸ਼ਟ ਹੈ ਕਿ ਅਮਰੀਕਾ ਇਰਾਨ ਨੂੰ ਤਬਾਹ ਕਰ ਕੇ ਪੱਛਮੀ ਏਸ਼ੀਆ ’ਤੇ ਸਾਮਰਾਜਵਾਦੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ। ਇਸ ਮੌਕੇ ਆਰਐੱਮਪੀਆਈ ਆਗੂ ਸਰਬਜੀਤ ਸਿੰਘ ਮੁਠੱਡਾ, ਸੁਖਦੇਵ ਦੱਤ ਬਾਂਕਾ, ਮਾਸਟਰ ਸੁਖਜੀਤ ਸਿੰਘ ਤੋਂ ਇਲਾਵਾ ਸੀ ਪੀ ਆਈ ਦੇ ਜਸਵਿੰਦਰ ਸਿੰਘ ਅਤੇ ਕਾਂਗਰਸ ਆਗੂ ਸਰਪੰਚ ਕਮਲਜੀਤ ਸਿੰਘ ਸਹੋਤਾ ਹਾਜ਼ਰ ਸਨ।