ਡੀਸੀ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਕਲਮਛੋੜ ਹੜਤਾਲ
ਗੁਰਬਖਸਪੁਰੀ
ਤਰਨ ਤਾਰਨ, 5 ਫਰਵਰੀ
ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਦੇ 67 ਮੁਲਾਜ਼ਮਾਂ ਦੀਆਂ ਬਦਲੀਆਂ ਖ਼ਿਲਾਫ਼ ਸੰਘਰਸ਼ 14ਵੇਂ ਦਿਨ ਵੀ ਜਾਰੀ ਰਿਹਾ। ਸੰਘਰਸ਼ ਦੀ ਅਗਵਾਈ ‘ਦਿ ਡਿਸਟ੍ਰਿਕ ਡੀਸੀ ਐਂਪਲਾਈਜ਼ ਐਸੋਸੀਏਸ਼ਨ ਤਰਨ ਤਾਰਨ ਵੱਲੋਂ ਕੀਤੀ ਜਾ ਰਹੀ ਹੈ| ਅੱਜ ਕਲਮ ਛੱਡੋ ਹੜਤਾਲ ਕਰਕੇ ਮੁਲਾਜ਼ਮ ਨੇ ਡਿਪਟੀ ਕਮਿਸ਼ਨਰ ਖ਼ਿਲਾਫ਼ ਕਾਲੀਆਂ ਝੰਡੀਆਂ ਲੈ ਕੇ ਧਰਨਾ ਦਿੱਤਾ ਅਤੇ ਅਧਿਕਾਰੀ ਦੀ ਅਰਥੀ ਸਾੜੀ| ਇਸ ਦੌਰਾਨ ਉਨ੍ਹਾਂ ਮੁਲਾਜ਼ਮਾਂ ਦੀਆਂ ਬਦਲੀਆਂ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਮੁਲਾਜ਼ਮਾਂ ਦੀ ਹੜਤਾਲ ਕਾਰਨ ਦਫ਼ਤਰ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ ਅਤੇ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ|
ਧਰਨੇ ਵਿੱਚ ਸ਼ਾਮਲ ਮੁਲਾਜ਼ਮਾਂ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ, ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ, ਸੂਬਾ ਵਿੱਤ ਸਕੱਤਰ ਕਰਵਿੰਦਰ ਸਿੰਘ ਚੀਮਾ ਤੋਂ ਇਲਾਵਾ ਦੇ ਜ਼ਿਲ੍ਹਾ ਆਗੂ ਸ਼ਿਵਕਰਨ ਸਿੰਘ ਚੀਮਾ, ਹਰਦਰਸ਼ਨ ਸਿੰਘ, ਜਤਿੰਦਰ ਸਿੰਘ, ਸੁਨੀਲ ਕੁਮਾਰ ਤੇ ਨਵਤੇਜ ਸਿੰਘ ਨੇ ਸੰਬੋਧਨ ਕੀਤਾ| ਬੁਲਾਰਿਆਂ ਡਿਪਟੀ ਕਮਿਸ਼ਨਰ ਵਲੋਂ ਮੁਲਾਜ਼ਮਾਂ ਦੀਆਂ ਕੀਤੀਆਂ ਬਦਲੀਆਂ ਨੂੰ ਸਰਕਾਰੀ ਨਿਯਮਾਂ ਦੇ ਉਲਟ ਕਰਾਰ ਦਿੱਤਾ ਤੇ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਦੀਆਂ ਬਦਲੀਆਂ ਮਈ-ਜੂਨ ਤੱਕ ਮੁਕੰਮਲ ਕਰ ਲੈਣ ਦੀਆਂ ਹਦਾਇਤਾਂ ਕੀਤੀਆਂ ਹਨ ਪਰ ਅਧਿਕਾਰੀ ਨੇ ਨਿਯਮਾਂ ਦੇ ਐਨ ਉਲਟ ਜਾ ਕੇ ਸਾਲ ਦੇ ਅਖੀਰ ’ਤੇ ਸਮੂਹਿਕ ਬਦਲੀਆਂ ਕੀਤੀਆਂ ਹਨ ਜਿਸ ਨਾਲ ਉਨ੍ਹਾਂ ਦੇ ਕੰਮ ਦਾ ਮੁਲਾਂਕਣ ਮੁਲਾਜ਼ਮਾਂ ਦੇ ਉਲਟ ਜਾਣ ਦਾ ਖਤਰਾ ਬਣ ਗਿਆ ਹੈ| ਜਥੇਬੰਦੀ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਤੇ ਹੋਰਨਾਂ ਨੇ ਮੁਲਾਜ਼ਮਾਂ ਦੀਆਂ ਬਦਲੀਆਂ ਰੱਦ ਕਰਨ ਦੀ ਮੰਗ ਕੀਤੀ ਹੈ।