ਇਰਾਦਾ ਕਤਲ ਦੇ ਦੋਸ਼ ਹੇਠ ਚਾਰ ਗ੍ਰਿਫਤਾਰ; ਅਸਲਾ ਵੀ ਬਰਾਮਦ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਜੂਨ
ਥਾਣਾ ਕੰਟੋਨਮੈਂਟ ਦੀ ਪੁਲੀਸ ਨੇ ਇਰਾਦਾ ਕਤਲ ਦੇ ਮਾਮਲੇ ਦੇ ਦੋਸ਼ ਹੇਠ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਵਾਰਦਾਤ ਲਈ ਵਰਤੀ ਪਿਸਤੌਲ ਵੀ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਕਰਨਜੀਤ ਸਿੰਘ ਉਰਫ ਕਰਨ ਵਾਸੀ ਪਿੰਡ ਕੰਬੋਜ, ਰਣਜੀਤ ਸਿੰਘ ਉਰਫ ਲਵ ਵਾਸੀ ਰਾਜਾਸਾਂਸੀ, ਬਲਵੰਤ ਸਿੰਘ ਉਰਫ ਸੋਢੀ ਵਾਸੀ ਰਾਜਾਸਾਂਸੀ ਦੋਵੇਂ ਭਰਾ ਹਨ ਅਤੇ ਅਨਮੋਲਦੀਪ ਸਿੰਘ ਉਰਫ ਪਾਲਾ ਵਾਸੀ ਗੁਮਟਾਲਾ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 32 ਬੋਰ ਦੀ ਇੱਕ ਪਿਸਤੌਲ, ਤਿੰਨ ਰੌਂਦ ਬਰਾਮਦ ਕੀਤੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਆਪਸੀ ਰੰਜਿਸ਼ ਦਾ ਹੈ। ਇਸ ਸਬੰਧੀ ਹਰਪਾਲ ਸਿੰਘ ਵਾਸੀ ਗੁਮਟਾਲਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ ਜੋ ਕਿ ਇਸ ਮਾਮਲੇ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸਦੇ ਦੋਸਤ ਸਾਹਿਲ ਅਤੇ ਅਨਮੋਲ ਦੋਵਾਂ ਨੇ ਕਬੂਤਰ ਪਾਲੇ ਹੋਏ ਹਨ। ਦੋਵੇਂ ਇੱਕ ਦੂਜੇ ਦੇ ਕਬੂਤਰ ਫੜ ਲੈਂਦੇ ਹਨ ਅਤੇ ਜਿਸ ਕਾਰਨ ਉਨ੍ਹਾਂ ਵਿੱਚ ਝਗੜਾ ਹੁੰਦਾ ਰਹਿੰਦਾ ਹੈ। ਪਹਿਲਾਂ ਵੀ ਦੋਵਾਂ ਵਿਚਾਲੇ ਰਾਜੀਨਾਮਾ ਕਰਵਾ ਕੇ ਮਸਲੇ ਨੂੰ ਹੱਲ ਕੀਤਾ ਸੀ। ਉਸ ਨੇ ਦੱਸਿਆ ਕਿ ਹੁਣ ਜਦੋਂ ਇਹ ਝਗੜਾ ਹੋਇਆ ਤਾਂ ਉਸ ਵੇਲੇ ਉਹ ਆਪਣੇ ਘਰ ਵਾਪਸ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਸਾਹਿਲ, ਉਸਦਾ ਦੋਸਤ ਸੁਮਿਤ ਅਤੇ ਅਨਮੋਲ ਵਿਚਾਲੇ ਬਹਿਸ ਹੋ ਰਹੀ ਸੀ। ਇਸ ਮੌਕੇ ਅਨਮੋਲ ਦੇ ਹੋਰ ਸਾਥੀ ਕਰਨ, ਲਵ, ਸੋਢੀ, ਬਿੱਟੂ ਭਈਆ ਇਕੱਠੇ ਸਨ ਅਤੇ ਸਾਹਿਲ ਨਾਲ ਗਾਲੀ ਗਲੋਚ ਕਰ ਰਹੇ ਸਨ। ਉਸ ਨੇ ਉਨ੍ਹਾਂ ਨੂੰ ਸਮਝਾ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਦੂਜੀ ਧਿਰ ਵਾਲਿਆਂ ਨੇ ਉਨ੍ਹਾਂ ’ਤੇ ਰੋੜੇ ਇੱਟੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਕਰਨ ਨੇ ਡੱਬ ਵਿੱਚੋਂ ਆਪਣੀ ਪਿਸਤੌਲ ਕੱਢ ਲਈ ਅਤੇ ਉਸ ਵੱਲ ਗੋਲੀ ਚਲਾਈ, ਜੋ ਉਸ ਤੇ ਖੱਬੇ ਚੂਲੇ ਵਿੱਚ ਲੱਗੀ ਅਤੇ ਉਹ ਹੇਠਾਂ ਡਿੱਗ ਪਿਆ। ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਦਾ ਪੁਲੀਸ ਰਿਮਾਂਡ ਲਿਆ ਹੈ। ਇਸ ਦੌਰਾਨ ਪੁੱਛ-ਪੜਤਾਲ ਮਗਰੋਂ ਇੱਕ ਪਿਸਤੌਲ ਜੋ ਕਿ 32 ਬੋਰ ਦਾ ਹੈ ਅਤੇ ਤਿੰਨ ਰੌਂਦ ਬਰਾਮਦ ਕੀਤੇ ਹਨ, ਇਹ ਪਿਸਤੌਲ ਘਟਨਾ ਵੇਲੇ ਵਰਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹਨਾਂ ਦਾ ਇੱਕ ਸਾਥੀ ਬਿੱਟੂ ਭਈਆ ਫਿਲਹਾਲ ਫਰਾਰ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਯਤਨ ਜਾਰੀ ਹਨ।