ਕਿਸਾਨਾਂ ਵੱਲੋਂ ਪੁਲੀਸ ਤੇ ਪ੍ਰਸ਼ਾਸਨ ਖ਼ਿਲਾਫ਼ ਵਿਖਾਵਾ
ਇਥੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਪਿੰਡ ਕਲੇਰ ਦੇ ਗੁਰਦੁਆਰੇ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦਾ ਇਕ ਇਕੱਠ ਕਰਕੇ ਭਲਕੇ ਸੋਮਵਾਰ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਪੁਲੀਸ ਅਤੇ ਪ੍ਰਸ਼ਾਸ਼ਨ ਦੀਆਂ ਵਧੀਕੀਆਂ ਖ਼ਿਲਾਫ਼ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਕੱਠ ਨੂੰ ਜਥੇਬੰਦੀ ਦੇ ਆਗੂ ਸੁਖਦੇਵ ਸਿੰਘ ਸ਼ਹਾਬਪੁਰ, ਸੰਤੋਖ ਸਿੰਘ ਕਲੇਰ, ਅਮਨਦੀਪ ਸਿੰਘ ਸੇਰੋ, ਮੇਜਰ ਸਿੰਘ ਦੁੱਗਲਵਾਲਾ, ਤਜਿੰਦਰ ਸਿੰਘ ਰਸੂਲਪੁਰ, ਫਤਹਿ ਸਿੰਘ ਪਿੱਦੀ, ਗਿਆਨਦੀਪ ਸਿੰਘ ਬਾਗੜੀਆਂ ਸਣੇ ਹੋਰਨਾਂ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਪੁਲੀਸ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੀ ਨਿਖੇਧੀ ਕੀਤੀ ਅਤੇ ਸਰਕਾਰ ਵੱਲੋਂ ਸ਼ੁਰੂ ਕੀਤੇ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਪੂਰੀ ਦੀ ਪੂਰੀ ਤਰ੍ਹਾਂ ਨਾਲ ਲੋਕਾਂ ਨਾਲ ਧੋਖਾ ਕਰਾਰ ਦਿੱਤਾ। ਆਗੂਆਂ ਨੇ ਦੋਸ਼ ਲਗਾਇਆ ਕਿ ਪੁਲੀਸ ਖਾਨਾ ਪੂਰਤੀ ਕਰਨ ਲਈ ਨਸ਼ਿਆਂ ਦੇ ਛੋਟੇ-ਮੋਟੇ ਆਦੀ ਵਿਅਕਤੀਆਂ ਨੂੰ ਜੇਲ੍ਹਾਂ ਵਿੱਚ ਡੱਕ ਰਹੀ ਹੈ ਜਦਕਿ ਹਕੀਕਤ ਹੈ ਕਿ ਸੂਬੇ ਦੀਆਂ ਜੇਲ੍ਹਾਂ ਵਿੱਚ ਪਹਿਲਾਂ ਤੋਂ ਹੀ ਨਸ਼ਿਆਂ ਦੀ ਭਰਮਾਰ ਹੈ। ਉਨ੍ਹਾਂ ਇਲਾਕੇ ਦੇ ਪਿੰਡ ਵਿੱਚ ਤਿੰਨ ਮਹੀਨੇ ਪਹਿਲਾਂ ਪੁਲੀਸ ਦੇ ਸਬ-ਇੰਸਪੈਕਟਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲਿਆਂ ਦੇ ਜੇਲ੍ਹਾਂ ਤੋਂ ਬਾਹਰ ਆ ਜਾਣ ’ਤੇ ਵੀ ਸਵਾਲ ਉਠਾਏ। ਕਿਸਾਨਾਂ ਨੇ ਪੁਲੀਸ ਅਤੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਵਿਖਾਵਾ ਕਰਕੇ ਨਾਅਰੇਬਾਜ਼ੀ ਕੀਤੀ।