ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ
ਸਨਅਤੀ ਸ਼ਹਿਰ ਦੇ ਬੱਸ ਸਟੈਂਡ ਸ਼ਾਮ ਨਗਰ ਇਲਾਕੇ ਵਿੱਚ ਐਤਵਾਰ ਰਾਤ ਨੂੰ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਹੈਬੋਵਾਲ ਵਾਸੀ ਰੋਹਿਤ (25) ਵਜੋਂ ਹੋਈ ਹੈ। ਮ੍ਰਿਤਕ ਦੀ ਛਾਤੀ ’ਤੇ ਗੋਲੀ ਲੱਗੀ ਹੈ। ਜਾਂਚ ਤੋਂ ਬਾਅਦ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲੀਸ ਮ੍ਰਿਤਕ ਰੋਹਿਤ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਰਹੀ ਹੈ। ਜਾਣਕਾਰੀ ਅਨੁਸਾਰ ਰੋਹਿਤ ਐਤਵਾਰ ਸ਼ਾਮ ਨੂੰ ਘਰੋਂ ਘੁੰਮਣ ਲਈ ਨਿਕਲਿਆ ਸੀ। ਰਾਤ 11 ਵਜੇ ਦੇ ਕਰੀਬ ਉਹ ਸ਼ਾਮ ਨਗਰ ਰੋਡ ’ਤੇ ਬੇਹੋਸ਼ ਪਿਆ ਮਿਲਿਆ ਅਤੇ ਉਸਦੀ ਛਾਤੀ ਵਿੱਚੋਂ ਖੂਨ ਨਿਕਲ ਰਿਹਾ ਸੀ। ਰੋਹਿਤ ਦੇ ਦੋਸਤ ਰੋਹਨ ਨੇ ਦੱਸਿਆ ਕਿ ਰਾਤ ਨੂੰ ਜਦੋਂ ਉਸ ਨੇ ਸ਼ਾਮ ਨਗਰ ਰੋਡ ’ਤੇ ਰੋਹਿਤ ਨੂੰ ਬੇਹੋਸ਼ ਅਤੇ ਖੂਨ ਨਾਲ ਲਥਪੱਥ ਦੇਖਿਆ ਤਾਂ ਉਸ ਨੇ ਤੁਰੰਤ ਆਪਣੇ ਦੋਸਤ ਦੀ ਮਦਦ ਨਾਲ ਰੋਹਿਤ ਨੂੰ ਹਸਪਤਾਲ ਲਿਆਂਦਾ। ਰੋਹਨ ਦੇ ਅਨੁਸਾਰ ਉਸ ਨੇ ਰਸਤੇ ਵਿੱਚ ਕਈ ਵਾਰ ਰੋਹਿਤ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਉਸਨੂੰ ਕਿਸਨੇ ਗੋਲੀ ਮਾਰੀ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਉਹ ਹਸਪਤਾਲ ਪਹੁੰਚਿਆ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਥਾਣਾ ਡਿਵੀਜ਼ਨ ਪੰਜ ਦੇ ਐੱਸਐੱਚਓ ਇੰਸਪੈਕਟਰ ਬਿਕਰਮ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਜਾ ਰਹੀ ਹੈ। ਉਸਦੀ ਕਾਲ ਡਿਟੇਲ ਵੀ ਚੈੱਕ ਕੀਤੀ ਜਾ ਰਹੀ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਹੀ ਕੇਸ ਦਰਜ ਕੀਤਾ ਜਾਵੇਗਾ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।