ਸੜਕ ਹਾਦਸੇ ’ਚ ਨੌਜਵਾਨ ਹਲਾਕ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 23 ਜੂਨ
ਇੱਥੇ ਬੀਤੀ ਦੇਰ ਰਾਤ ਵਾਪਰੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਜੈ ਕੁਮਾਰ (19) ਵਾਸੀ ਪਿੰਡ ਸ਼ਫੀਪੁਰ (ਸਿੱਧਵਾਂ ਬੇਟ) ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੈ ਕੁਮਾਰ ਲੰਘੀ ਰਾਤ ਆਪਣੇ ਵੱਡੇ ਭਰਾ, ਜੀਜੇ ਅਤੇ ਭਾਣਜੇ ਨਾਲ ਰੈਸਟੋਰੈਂਟ ਵਿੱਚ ਪਾਰਟੀ ਕਰਨ ਉਪਰੰਤ ਉਨ੍ਹਾਂ ਨੂੂੰ ਘਰ ਛੱਡ ਕੇ ਦੇਰ ਰਾਤ ਕਰੀਬ 11:30 ਵਜੇ ਆਪਣੀ ਸਹੁਰੇ ਘਰ ਗਈ ਪਤਨੀ ਆਸ਼ਾ ਰਾਣੀ ਨੂੰ ਮਿਲਣ ਲਈ ਪਿੰਡ ਕੰਨੀਆਂ ਹੁਸੈਨੀ ਜਾ ਰਿਹਾ ਸੀ। ਜਦੋਂ ਉਹ ਪਿੰਡ ਅੱਬੂਪੁਰਾ ਸੇਮ ਨਾਲੇ ਕੋਲੋਂ ਲੰਘਣ ਲੱਗਿਆ ਤਾਂ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਬੇਕਾਬੂ ਹੋ ਕੇ ਕਾਰ ਸਿੱਧੀ ਦਰੱਖਤ ਨਾਲ ਜਾ ਟਕਰਾਈ। ਹਾਦਸੇ ਮਗਰੋਂ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਵਿਜੈ ਗੰਭੀਰ ਜ਼ਖ਼ਮੀ ਹੋ ਗਿਆ।
ਹਾਦਸੇ ਦਾ ਪਤਾ ਲੱਗਣ ’ਤੇ ਰਾਹਗੀਰਾਂ ਅਤੇ ਗਿੱਦੜਵਿੰਡੀ ਪੁਲੀਸ ਚੌਕੀ ਦੇ ਇੰਚਾਰਜ ਸੁਖਵਿੰਦਰ ਸਿੰਘ ਜੈਤੋ ਨੇ ਨੌਜਵਾਨ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਉਸ ਨੂੰ ਹਸਪਤਾਲ ਲੈ ਕੇ ਜਾਣ ਦਾ ਪ੍ਰਬੰਧ ਕੀਤਾ ਪਰ ਰਾਹ ਵਿੱਚ ਹੀ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਨੌਜਵਾਨ ਨੇ ਇਹ ਕਾਰ ਦਸ ਦਿਨ ਪਹਿਲਾਂ ਹੀ ਖ਼ਰੀਦੀ ਸੀ।
ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਅਤੇ ਵਿਜੈ ਦੀ ਪਤਨੀ ਆਸ਼ਾ ਰਾਣੀ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਗਿਆ ਹੈ।