ਲੈਂਡ ਪੂਲਿੰਗ ਨੀਤੀ ਵਿਰੁੱਧ ਕੂੰਮਕਲਾਂ ਇਲਾਕੇ ਦੇ ਪਿੰਡ ਹੋਏ ਲਾਮਬੰਦ
ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ ਕੂੰਮਕਲਾਂ ਇਲਾਕੇ ਦੀ ਸਾਂਝੀ ਮੀਟਿੰਗ ਚੇਅਰਮੈਨ ਬੇਅੰਤ ਸਿੰਘ ਗਰੇਵਾਲ, ਪ੍ਰਧਾਨ ਦਲਵੀਰ ਸਿੰਘ ਪਾਗਲੀਆ ਅਤੇ ਸਹਿਜਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਝੁੱਗੀਆਂ ਬੇਗਾ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ ਜਿਸ ਵਿੱਚ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕੀਤਾ ਗਿਆ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਅਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਲੈਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਕਿਸੇ ਵੀ ਕੀਮਤ ਉੱਪਰ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨੀਤੀ ਨਾਲ ਜਿੱਥੇ ਕਿਸਾਨ ਮਜ਼ਦੂਰ ਕੰਮ ਤੋਂ ਵਿਹਲੇ ਹੋ ਜਾਣਗੇ, ਉੱਥੇ ਖੇਤੀ ਦਾ ਧੰਦਾ ਵੀ ਖ਼ਤਮ ਹੋ ਜਾਵੇਗਾ ਜਿਸ ਨਾਲ ਖਾਦ ਪਦਾਰਥਾਂ ਵਿੱਚ ਵੱਡੀ ਕਮੀ ਆਵੇਗੀ ਅਤੇ ਖਾਦ ਪਦਾਰਥਾਂ ਦੀਆਂ ਕੀਤਾ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਨੀਤੀ ਕੇਵਲ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਵਾਲੀ ਹੈ ਜਿਸ ਕਾਰਨ ਲੋਕ ਇਹ ਨੀਤੀ ਦਾ ਵਿਰੋਧ ਵੱਡੇ ਪੱਧਰ ਉੱਪਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਪ੍ਰਭਾਵਿਤ ਪਿੰਡਾਂ ਵਿੱਚ 30 ਜੁਲਾਈ ਨੂੰ ਟਰੈਕਟਰ ਮਾਰਚ ਕੀਤੇ ਜਾਣਗੇ। ਟਰੈਕਟਰ ਮਾਰਚ ਦਾਣਾ ਮੰਡੀ ਕੂੰਮਕਲਾਂ ਤੋਂ ਸ਼ੁਰੂ ਹੋਕੇ ਵੱਖ-ਵੱਖ ਪਿੰਡਾਂ ਵਿੱਚ ਜਾਕੇ ਲੋਕਾਂ ਨੂੰ ਜਾਗਰੂਕ ਕਰਨਗੇ। ਇਸਤੋਂ ਬਾਅਦ 24 ਅਗਸਤ ਨੂੰ ਮੁੱਲਾਂਪੁਰ ਦਾਖਾ ਵਿੱਚ ਵਿਸ਼ਾਲ ਰੈਲੀ ਕਰਕੇ ਸਰਕਾਰ ਨੂੰ ਇਸ ਨੀਤੀ ਨੂੰ ਵਾਪਸ ਲੈਣ ਲਈ ਮਜ਼ਬੂਰ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਸੂਬਾ ਆਗੂ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ ਨੇ ਕਿਹਾ ਕਿ ਇਲਾਕੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਮੀਟਿੰਗਾਂ ਅਤੇ ਰੈਲੀਆਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਸੇਖੇਵਾਲ ਨੇ ਲੈਡ ਪੂਲਿੰਗ ਨੀਤੀ ਦੀ ਅਲੋਚਨਾ ਕੀਤੀ। ਇਸ ਮੌਕੇ ਸਾਬਕਾ ਸਰਪੰਚ ਗੁਰਚਰਨ ਸਿੰਘ ਝੁੱਗੀਆਂ ਬੇਗਾ, ਸਰਪੰਚ ਅਵਤਾਰ ਸਿੰਘ ਭੈਣੀ ਦੋਆਬਾ, ਹਰਜਿੰਦਰ ਸਿੰਘ ਸੋਨੀ ਰਤਪਗੜ੍ਹ, ਬਲਵਿੰਦਰ ਸਿੰਘ ਬਿੱਟੂ ਚੌਤਾ, ਕਮਲਜੀਤ ਸਿੰਘ ਨੱਥੂ ਭੈਣੀ, ਪ੍ਰਿਤਪਾਲ ਸਿੰਘ ਨੱਥੂ ਭੈਣੀ, ਸਰਬਜੀਤ ਸਿੰਘ ਜਮਾਲਪੁੱਰ, ਡੀਸੀ ਪ੍ਰਤਾਪਗੜ੍ਹ, ਧੰਨਾ ਸਿੰਘ ਪ੍ਰਤਾਪਗੜ੍ਹ, ਸੁਖਜਿੰਦਰ ਸਿੰਘ ਰਤਨਗੜ੍ਹ ਅਤੇ ਸੁਖਵੀਰ ਸਿੰਘ ਪ੍ਰਤਾਪਗੜ੍ਹ ਆਦਿ ਵੀ ਹਾਜ਼ਰ ਸਨ।