ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਹਮਲਿਆਂ ਦਾ ਵਿਰੋਧ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 26 ਜੂਨ
ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਇਥੇ ਵੱਖ-ਵੱਖ ਜਥੇਬੰਦੀਆਂ ਨਾਲ ਮਿਲ ਕੇ ਇਰਾਨ ਉੱਪਰ ਅਮਰੀਕੀ ਤੇ ਇਜ਼ਰਾਈਲ ਦੇ ਹਮਲਿਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਕਮੇਟੀ ਪਾਰਕ ਵਿਖੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸੰਸਾਰ ਸਾਮਰਾਜ ਦੇ ਸਰਗਨੇ ਅਮਰੀਕਾ ਅਤੇ ਉਸਦੇ ਸੰਗੀ ਜਿਓਨਵਾਦੀ ਇਜ਼ਰਾਈਲ ਵਲੋਂ ਪਹਿਲਾਂ ਡੇਢ ਸਾਲ ਤੋਂ ਵੀਹ ਲੱਖ ਫਲੀਸਤੀਨੀ ਲੋਕਾਂ ਨੂੰ ਦੇਸ਼ਬਦਰ ਕਰਨ ਲਈ ਵੱਡੀ ਪੱਧਰ ’ਤੇ ਹਮਾਸ ਖ਼ਿਲਾਫ਼ ਹਵਾਈ ਤੇ ਜ਼ਮੀਨੀ ਹਮਲੇ ਕਰਕੇ ਹੁਣ ਤਕ ਸੱਠ ਹਜ਼ਾਰ ਲੋਕਾਂ ਸਮੇਤ ਬੱਚਿਆਂ ਤੇ ਔਰਤਾਂ ਦਾ ਕਤਲ ਕੀਤਾ ਜਾ ਚੱਕਾ ਹੈ। ਅੱਸੀ ਫ਼ੀਸਦ ਸਕੂਲ, ਹਸਪਤਾਲ ਤੇ ਘਰ ਬਸਤੀਆਂ ਖੰਡਰ ਬਣਾ ਦਿੱਤੀਆਂ ਗਈਆਂ ਹਨ।
ਮਨੁੱਖੀ ਰਾਹਤ ਹਾਸਲ ਕਰਨ ਲਈ ਰਾਹਤ ਕੈਂਪਾਂ ਵਿੱਚ ਇੱਕਤਰ ਹੋਏ ਹਜ਼ਾਰਾਂ ਲੋਕਾਂ ਨੂੰ ਭੁੱਖ ਲਈ ਰੋਟੀ ਦੀ ਥਾਂ ਗੋਲੀ ਦਿੱਤੀ ਜਾ ਰਹੀ ਹੈ। ਦੁਨੀਆਂ ਦੇ ਇਤਿਹਾਸ ਵਿੱਚ ਇਸ ਸਦੀ ਦਾ ਸਭ ਤੋ ਵੱਡਾ ਦੁਖਾਂਤ ਅਮਰੀਕਾ ਇਜ਼ਰਾਈਲ ਦੀ ਹਵਸ ਪੂਰੀ ਕਰਨ ਲਈ ਸਾਡੀਆਂ ਅੱਖਾਂ ਸਾਹਮਣੇ ਵਾਪਰ ਰਿਹਾ ਹੈ। ਪਿਛਲੇ ਪੰਦਰਾਂ ਦਿਨਾਂ ਵਿੱਚ ਹੁਣ ਇਜ਼ਰਾਈਲ ਨੇ ਅਤੇ ਬਾਅਦ ਵਿੱਚ ਅਮਰੀਕਾ ਨੇ ਇਰਾਨ 'ਤੇ ਜ਼ਬਰਦਸਤ ਹਵਾਈ ਹਮਲੇ ਕਰਕੇ ਉਥੇ ਭਾਰੀ ਜਾਨੀ ਤੇ ਮਾਲੀ ਨੁਕਸਾਨ ਕੀਤਾ ਹੈ। ਕੰਵਲਜੀਤ ਖੰਨਾ, ਬਲਰਾਜ ਸਿੰਘ ਕੋਟਉਮਰਾ, ਸੁਰਜੀਤ ਦੌਧਰ, ਅਮਨਦੀਪ ਮਾਛੀਕੇ, ਬਲਵਿੰਦਰ ਸਿੰਘ ਪੋਨਾ, ਜਗਤਾਰ ਸਿੰਘ ਦੇਹੜਕਾ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਭਾਵੇਂ ਇਜ਼ਰਾਈਲ ਅਮਰੀਕਾ ਗੱਠਜੋੜ ਨੂੰ ਇਰਾਨ ਵਲੋਂ ਦਿੱਤੀ ਕਰਾਰੀ ਟੱਕਰ ਨੇ ਸੰਸਾਰ ਭਰ ਦੇ ਅਮਨਪਸੰਦ ਤੇ ਸੰਘਰਸ਼ਸ਼ੀਲ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਪਰ ਜੰਗ ਦਾ ਖ਼ਤਰਾ ਟੱਲਿਆ ਨਹੀਂ ਹੈ ਤੇ ਜੇਕਰ ਮੁੜ ਕੇ ਜੰਗ ਛਿੜਦੀ ਹੈ ਤਾਂ ਇਸ ਦੇ ਹੋਰ ਵਿਰਾਟ ਰੂਪ ਧਾਰਨ ਕਰਨ ਦਾ ਖ਼ਤਰਾ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਸੰਸਾਰ ਭਰ ਦੇ ਦੱਬੇ ਕੁਚਲੇ ਕਿਰਤੀ ਲੋਕਾਂ ਦੇ ਦੁਸ਼ਮਣ ਨੰਬਰ ਇਕ ਅਮਰੀਕਨ ਸਾਮਰਾਜ ਨੇ ਮੱਧਪੂਰਬ ਦੇ ਤੇਲ ਭੰਡਾਰਾਂ 'ਤੇ ਕਬਜ਼ਾ ਬਣਾਈ ਰੱਖਣ, ਰੂਸ ਤੇ ਚੀਨ ਖ਼ਿਲਾਫ਼ ਅਰਬ ਮੁਲਕਾਂ ਵਿੱਚ ਆਪਣੇ ਫੌਜੀ ਅੱਡੇ ਬਣਾਈ ਰੱਖਣ ਲਈ ਤੇ ਕੁੱਲ ਦੁਨੀਆਂ ਵਿੱਚ ਆਪਣੀ ਸਰਦਾਰੀ ਤੇ ਸਾਮਰਾਜੀ ਧੌਂਸ ਬਣਾਈ ਰੱਖਣ ਲਈ ਇਹ ਨਿਹੱਕੇ ਹਮਲੇ ਤੇ ਕਤਲੋਗਾਰਤ ਕੀਤੀ ਜਾ ਰਹੀ ਹੈ। ਸੰਸਾਰ ਭਰ ਦੇ ਦੇਸ਼ਾਂ ਵਿੱਚ ਲੱਖਾਂ ਲੋਕਾਂ ਵਲੋਂ ਸੜਕਾਂ 'ਤੇ ਨਿੱਕਲ ਕੇ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟਰੇਡ ਨੀਤੀਆ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਵਿੱਚੋਂ ਹਜ਼ਾਰਾਂ ਪਰਵਾਸੀਆਂ ਨੂੰ ਜ਼ਲੀਲ ਕਰਕੇ ਕੱਢਿਆ ਜਾ ਰਿਹਾ ਹੈ, ਯੂਨੀਵਰਸਟੀਆਂ ਵਿੱਚ ਉੱਠੇ ਵਿਰੋਧ ਨੂੰ ਦਬਾਉਣ ਲਈ ਫੰਡ ਰੋਕੇ ਜਾ ਰਹੇ ਹਨ, ਵਿਰੋਧੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ।