ਚਰਨਜੀਤ ਸਿੰਘ ਢਿੱਲੋਂ
ਜਗਰਾਉਂ ,6 ਜੁਲਾਈ
ਪਿੰਡ ਰੂੰਮੀ ਤੋਂ ਛੱਜਾਵਾਲ ਨੂੰ ਜਾਂਦੇ ਰਾਹ ’ਤੇ ਬੀਤੀ ਦੇਰ ਰਾਤ ਇੱਕ ਵਿਅਕਤੀ ’ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ। ਵਾਰਦਾਤ ਮੌਕੇ ਉਕਤ ਵਿਅਕਤੀ ਪਿੰਡ ਰੂੰਮੀ ਦੀ ਸਰਹੱਦ ’ਚ ਸੀ ਤੇ ਆਪਣੇ ਘਰ ਪਿੰਡ ਛੱਜਾਵਾਲ ਜਾ ਰਿਹਾ ਸੀ। ਹਾਲਾਂਕਿ ਇਸ ਹਮਲੇ ਵਿੱਚ ਉਸ ਦਾ ਬਚਾਅ ਹੋ ਗਿਆ ਹੈ। ਪੀੜਤ ਦੀ ਪਛਾਣ ਜਤਿੰਦਰ ਸਿੰਘ ਵਾਸੀ ਪਿੰਡ ਛੱਜਾਵਾਲ ਵਜੋਂ ਹੋਈ ਹੈ, ਜੋ ਗੁਰੂ ਨਾਨਕ ਸੈਨੇਟਰੀ ਸਟੋਰ ਦਾ ਮਾਲਕ ਹੈ।
ਇਸ ਬਾਰੇ ਥਾਣਾ ਸਦਰ ’ਚ ਸੂਚਨਾ ਦਿੱਤੀ ਗਈ, ਜਿਸ ਮਗਰੋਂ ਥਾਣਾ ਇੰਚਾਰਜ ਸਬ-ਇੰਸਪੈਕਟਰ ਸੁਰਜੀਤ ਸਿੰਘ ਵਾਰਦਾਤ ਵਾਲੀ ਥਾਂ ’ਤੇ ਪਹੁੰਚੇ। ਉਨ੍ਹਾਂ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਗੱਡੀ ਵਿੱਚ ਸੀ ਤੇ ਜਦੋਂ ਰੂੰਮੀ ਤੋਂ ਛੱਜਾਵਾਲ ਵੱਲ ਮੁੜਿਆ ਤਾਂ ਇੱਕ ਪਾਸੇ ਲੁੱਕ ਕੇ ਖੜ੍ਹੇ ਮੋਟਰਸਾਈਕਲ ਸਵਾਰਾਂ ਨੇ ਪਰਨੇ ’ਚ ਲਕੋਇਆ ਰਿਵਾਲਵਰ ਕੱਢਿਆ ਤੇ ਉਸ ਵੱਲ ਗੋਲੀਆਂ ਚਲਾ ਦਿੱਤੀਆਂ। ਜਤਿੰਦਰ ਸਿੰਘ ਨੇ ਆਪਣਾ ਸਿਰ ਨੀਵਾਂ ਕਰ ਲਿਆ ਤੇ ਗੋਲੀ ਡਰਾਈਵਰ ਵਾਲੇ ਪਾਸੇ ਤੋਂ ਸ਼ੀਸ਼ੇ ’ਚੋਂ ਹੁੰਦੀ ਹੋਈ ਦੂਜੇ ਪਾਸੇ ਨਿਕਲ ਗਈ। ਇਸ ਮਰਗੋਂ ਹਮਲਾਵਰ ਫਰਾਰ ਹੋ ਗਏ।
ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ ਨੇ ਇਸ ਹਮਲੇ ਲਈ ਵਿਦੇਸ਼ ਵਿੱਚ ਰਹਿੰਦੇ ਆਪਣੇ ਜੀਜੇ ਰੁਪਿੰਦਰ ਸਿੰਘ ਵਾਸੀ ਪਿੰਡ ਤਾਰੇਵਾਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਸ ਦੀ ਭੈਣ ਦਾ ਵਿਆਹ ਕੁਝ ਕਾਰਨਾਂ ਕਰਕੇ ਟੁੱਟ ਗਿਆ ਸੀ, ਉਸ ਦਾ ਜੀਜਾ ਇਸ ਗੱਲ ਕਰਕੇ ਉਸ ਨਾਲ ਦੁਸ਼ਮਣੀ ਰੱਖਦਾ ਹੈ। ਇਸ ਤੋਂ ਪਹਿਲਾਂ ਵੀ ਜਤਿੰਦਰ ’ਤੇ ਜਾਨਲੇਵਾ ਹਮਲੇ ਹੋਏ ਹਨ। ਪੁਲੀਸ ਨੇ ਰੁਪਿੰਦਰ ਸਿੰਘ ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।