ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਜੁਲਾਈ
ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ‘ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ’ ਤਹਿਤ ਖੰਨਾ ਪੁਲੀਸ ਨੂੰ ਵੱਡੀ ਸਫ਼ਲਤਾ ਹੱਥ ਲੱਗੀ, ਜਿਸ ਤਹਿਤ ਪੁਲੀਸ ਨੇ ਡੇਢ ਕਿਲੋ ਆਈਸ, ਕਿੱਲੋ ਅਫੀਮ, 10 ਗ੍ਰਾਮ ਨਸ਼ੀਲਾ ਪਾਊਡਰ ਅਤੇ ਕਰੂਜ਼ ਗੱਡੀ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਜ਼ਿਲ੍ਹਾ ਖੰਨਾ ਦੀ ਐਸਐਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ਐਸਪੀ (ਆਈ) ਪਵਨਜੀਤ ਅਤੇ ਡੀਐਸਪੀ ਮੋਹਿਤ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਅਮਲੋਹ ਚੌਕ ਭੰਡਾਰੀ ਪਾਰਕ ਨੇੜੇ ਚੈਕਿੰਗ ਦੌਰਾਨ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੈੱਕ ਕੀਤਾ ਤਾਂ ਉਸ ਕੋਲੋਂ 10 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ।
ਮੁਲਜ਼ਮ ਦੀ ਪਛਾਣ ਵਿੱਕੀ ਵਾਸੀ ਮੀਟ ਮਾਰਕੀਟ ਹਾਲ ਵਾਸੀ ਕਰਤਾਰ ਨਗਰ ਖੰਨਾ ਵਜੋਂ ਹੋਈ, ਜਿਸ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਉਹ ਸੁਖਮਨ ਸਿੰਘ ਉਰਫ਼ ਸਨੀ ਵਾਸੀ ਸਤਿਗੁਰੂ ਰਾਮ ਸਿੰਘ ਐਵੀਨਿਊ ਅੰਮ੍ਰਿਤਸਰ ਹਾਲ ਵਾਸੀ ਸ਼ਿਵਜੋਤ ਅਪਾਰਟਮੈਂਟ ਖਰੜ ਪਾਸੋਂ ਸਸਤੇ ਭਾਅ ਨਸ਼ੀਲਾ ਪਾਊਡਰ ਖਰੀਦ ਕੇ ਲਿਆਉਂਦਾ ਸੀ ਜੋ ਆਪਣੀ ਕਰੂਜ਼ ਰਾਹੀਂ ਅਪਾਰਟਮੈਂਟ ਦੇ ਗੇਟ ਤੇ ਨਸ਼ਾ ਦੇ ਜਾਂਦਾ ਸੀ ਅਤੇ ਉਸ ਤੋਂ ਹੋਰ ਵੀ ਲੜਕੇ ਵੱਖ ਵੱਖ ਕਿਸਮ ਦਾ ਨਸ਼ਾ ਲੈਣ ਆਉਂਦੇ ਹਨ। ਪੁਲੀਸ ਨੇ ਸੁਖਮਨ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰਕੇ ਰੇਡ ਦੌਰਾਨ ਉਸ ਨੂੰ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ, ਜਿਸ ਦੀ ਗੱਡੀ ਵਿੱਚੋਂ ਕਾਲੇ ਰੰਗ ਦੇ ਲਿਫ਼ਾਫ਼ੇ ਵਿੱਚ 1 ਕਿਲੋ ਅਫੀਮ ਅਤੇ ਡੇਢ ਕਿੱਲੋ ਆਈਸ ਬਰਾਮਦ ਕੀਤੀ।