ਇੱਥੇ ਪ੍ਰੋਫ਼ੈਸਰ ਕਲੋਨੀ ਵਿੱਚ ਬਜ਼ੁਰਗ ਵਿਧਵਾ ਦੇ ਘਰ ਹੋਈ ਚੋਰੀ ਦੇ ਮਾਮਲੇ ਵਿੱਚ ਥਾਣਾ ਰਾਏਕੋਟ ਸ਼ਹਿਰੀ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਥਾਣਾ ਰਾਏਕੋਟ ਸ਼ਹਿਰੀ ਦੇ ਮੁਖੀ ਸਬ-ਇੰਸਪੈਕਟਰ ਅਮਰਜੀਤ ਸਿੰਘ ਗਿੱਲ ਅਨੁਸਾਰ ਮੁੱਖ ਮੁਲਜ਼ਮ ਪੀੜਤ ਵਿਧਵਾ ਦੇ ਮਰਹੂਮ ਪੁੱਤਰ ਵਿਸ਼ਾਲ ਸਭਰਵਾਲ ਦਾ ਕਰੀਬੀ ਦੋਸਤ ਗੁਰਪ੍ਰੀਤ ਸਿੰਘ ਉਰਫ਼ ਰੋਡਾ ਸੀ, ਜੋ ਵਾਰਦਾਤ ਤੋਂ ਬਾਅਦ ਵਿਦੇਸ਼ ਭੱਜ ਗਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਚਮਕੌਰ ਸਿੰਘ ਉਰਫ਼ ਡਾਕਟਰ ਵਾਸੀ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਤੇ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤੀ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤਾ ਸਨੇਹ ਲਤਾ ਦੇ ਘਰੋਂ ਬੀਤੀ 5 ਮਾਰਚ ਦੀ ਰਾਤ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਹੋਈ ਸੀ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 13 ਤੋਲੇ ਸੋਨੇ ਦੇ ਗਹਿਣੇ ਅਤੇ ਢਾਈ ਲੱਖ ਰੁਪਏ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ਼ ਰੋਡਾ ਵਾਸੀ ਰਾਏਕੋਟ ਗੁਆਂਢੀ ਹੋਣ ਕਾਰਨ ਘਰ ਦਾ ਭੇਤੀ ਵੀ ਸੀ ਅਤੇ ਘਰ ਵਿੱਚ ਆਉਣ ਜਾਣ ਸੀ। ਵਾਰਦਾਤ ਵਾਲੇ ਦਿਨ ਵਿਧਵਾ ਰਿਸ਼ਤੇਦਾਰ ਦੇ ਘਰ ਗਈ ਹੋਈ ਸੀ।