ਜਲਜੀਵ ਪਾਲਣ ਸਬੰਧੀ ਬਾਇਓਫਲਾਕ ਵਿਧੀ ਦੀ ਸਿਖਲਾਈ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਵੱਲੋਂ ਤਿੰਨ ਰੋਜ਼ਾ ਸਿਖਲਾਈ ਪ੍ਰਗੋਰਾਮ ਕਰਵਾਇਆ ਗਿਆ। ਇਸ ਦਾ ਵਿਸ਼ਾ ‘ਜਲਜੀਵ ਪਾਲਣ ਸੰਬੰਧੀ ਬਾਇਓਫਲਾਕ ਵਿਧੀ’ ਸੀ। ਇਸ ਸਿਖਲਾਈ ਤਹਿਤ 15 ਪ੍ਰਤੀਭਾਗੀਆਂ ਨੂੰ ਮੱਛੀ ਅਤੇ ਝੀਂਗਾ ਪਾਲਣ ਬਾਰੇ ਦੱਸਿਆ ਗਿਆ। ਚਾਹਵਾਨ ਉਦਮੀਆਂ, ਕਿਸਾਨਾਂ ਅਤੇ ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ।
ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਹੁਣ ਸਾਧਨ ਪ੍ਰਭਾਵੀ ਅਤੇ ਟਿਕਾਊ ਜਲਜੀਵ ਤਕਨਾਲੋਜੀਆਂ ਅਧੀਨ ਹੀ ਕੰਮ ਕਰਨਾ ਚਾਹੀਦਾ ਹੈ। ਅਜਿਹੀਆਂ ਤਕਨਾਲੋਜੀਆਂ ਉਨੱਤ ਤਰੀਕੇ ਨਾਲ ਜਲਵਾਯੂ ਚੁਣੌਤੀਆਂ, ਪਾਣੀ ਦੇ ਘੱਟਦੇ ਪੱਧਰ ਅਤੇ ਭੋਜਨ ਸੁਰੱਖਿਆ ਲਈ ਢੁੱਕਵੀਆਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੀਆਂ ਅਤੇ ਜੈਵਿਕ ਸੁਰੱਖਿਅਤ ਵਿਧੀਆਂ ਨਾਲ ਅਸੀਂ ਵਾਤਾਵਰਣ ਨੂੰ ਘੱਟ ਪ੍ਰਭਾਵਿਤ ਕੀਤਿਆਂ ਬਿਹਤਰ ਅਤੇ ਵਧੇਰੇ ਭੋਜਨ ਲੈ ਸਕਦੇ ਹਾਂ।
ਕਾਲਜ ਆਫ ਫ਼ਿਸ਼ਰੀਜ਼ ਦੀ ਡੀਨ ਡਾ. ਮੀਰਾ ਡੀ ਆਂਸਲ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਪ੍ਰਧਾਨ ਮੰਤਰੀ ਮਤਸਯਾ ਸੰਪਦਾ ਯੋਜਨਾ ਅਧੀਨ ਇਕ ਕੇਂਦਰ ਸਥਾਪਿਤ ਕੀਤਾ ਗਿਆ ਸੀ। ਇਸ ਦੇ ਤਹਿਤ ਰੀਸਰਕੂਲੇਟਰੀ ਐਕੁਆਕਲਚਰ ਅਤੇ ਬਾਇਓਫਲਾਕ ਵਿਧੀਆਂ ਰਾਹੀਂ ਜਲਜੀਵ ਉਤਪਾਦਨ ਕੀਤਾ ਜਾ ਰਿਹਾ ਹੈ। ਪਰੰਪਰਾਗਤ ਢੰਗ ਨਾਲ ਤਲਾਬਾਂ ਵਿੱਚ ਮੱਛੀ ਪਾਲਣ ਦੇ ਮੁਕਾਬਲੇ ਇਨ੍ਹਾਂ ਵਿਧੀਆਂ ਰਾਹੀਂ ਸਿਰਫ 10-15 ਪ੍ਰਤੀਸ਼ਤ ਪਾਣੀ ਅਤੇ ਭੂਮੀ ਦੀ ਲੋੜ ਪੈਂਦੀ ਹੈ।
ਸਿਖਲਾਈ ਸੰਯੋਜਕ ਡਾ. ਵਨੀਤ ਇੰਦਰ ਕੌਰ, ਤਕਨੀਕੀ ਸੰਯੋਜਕਾਂ ਡਾ. ਅਮਿਤ ਮੰਡਲ ਅਤੇ ਡਾ. ਐਸ ਐਨ ਦੱਤਾ ਨੇ ਦੱਸਿਆ ਕਿ ਵਿਭਿੰਨ ਤਕਨੀਕੀ ਸੈਸ਼ਨਾਂ ਅਤੇ ਵਿਹਾਰਕ ਪ੍ਰਦਰਸ਼ਨ ਨਾਲ ਇਹ ਸਿਖਲਾਈ ਸੰਪੂਰਨ ਕੀਤੀ ਗਈ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਪਸ਼ੂਧਨ, ਮੁਰਗੀ ਪਾਲਣ ਅਤੇ ਮੱਛੀ/ਝੀਂਗਾ ਪਾਲਣ ਸੰਬੰਧੀ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਸਿਖਲਾਈ ਵਿੱਚ ਸ਼ਾਮਿਲ ਹੋਣਾ ਇਹ ਦਰਸਾਉਂਦਾ ਹੈ ਕਿ ਉਹ ਮੱਛੀ ਪਾਲਣ ਦੇ ਚੰਗੇ ਭਵਿੱਖ ਨੂੰ ਸਮਝਦੇ ਹਨ।