ਰਾਮਗੜ੍ਹ ਸਰਦਾਰਾਂ ਦਾ ਪੀੜਤ ਪਰਿਵਾਰ ਡੀਐੱਸਪੀ ਪਾਇਲ ਨੂੰ ਮਿਲਿਆ
ਥਾਣਾ ਮਲੌਦ ਅਧੀਨ ਪੈਂਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਵਸਨੀਕ ਹਰਜਿੰਦਰ ਸਿੰਘ ਨਿੱਕਾ ਦਾ ਪੀੜਤ ਪਰਿਵਾਰ ਪਤਨੀ ਪੂਜਾ ਰਾਣੀ ਤੇ ਪਿੰਡ ਵਾਸੀ ਕਾਂਗਰਸ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਦੀ ਅਗਵਾਈ ਹੇਠ ਅੱਜ ਡੀਐੱਸਪੀ ਪਾਇਲ ਹੇਮੰਤ ਮਲਹੋਤਰਾ ਨੂੰ ਮਿਲਿਆ।
ਉਨ੍ਹਾਂ ਲਿਖਤ ਦਰਖਾਸਤ ਰਾਂਹੀ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਬੀਤੀ 24 ਜੁਲਾਈ ਨੂੰ ਪਿੰਡ ਭੋਗੀਵਾਲ ਦੇ ਤਿੰਨ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਹਰਜਿੰਦਰ ਸਿੰਘ ਨਿੱਕਾ ਦੇ ਘਰ ਆਏ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਹ ਨੌਜਵਾਨ ਨਸ਼ੇ ਵਿੱਚ ਸਨ ਜਿਨ੍ਹਾਂ ਘਰ ਵਿੱਚ ਕੰਮ ਕਰਦੇ ਮਿਸਤਰੀਆਂ ਤੇ ਪਰਿਵਾਰਕ ਮੈਂਬਰਾਂ ਨਾਲ ਹੱਥੋਪਾਈ ਕੀਤੀ।
ਇਸ ਸਬੰਧੀ ਥਾਣਾ ਮਲੌਦ ਦੇ ਐੱਸਐਚਓ ਚਰਨਜੀਤ ਸਿੰਘ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਬਾਰੇ ਉਨ੍ਹਾਂ ਇਨਸਾਫ਼ ਦਿਵਾਉਣ ਦਾ ਭਰੋਸਾ ਵੀ ਦਿੱਤਾ ਸੀ ਪਰ ਬਾਅਦ ਵਿੱਚ ਪੁਲੀਸ ਨੇ ਸ਼ਿਕਾਇਤ ਕਰਤਾ ਦੇ ਘਰ ਛਾਪਾ ਮਾਰ ਕੇ ਉਸ ਦੇ ਪਰਿਵਾਰਕ ਮੈਂਬਰ ਹੀ ਚੱਕ ਲਏ। ਉਨ੍ਹਾਂ ਦੱਸਿਆ ਕਿ ਡੀਐੱਸਪੀ ਪਾਇਲ ਹੇਮੰਤ ਮਲਹੋਤਰਾ ਨੇ ਭਰੋਸਾ ਦਿੰਦਿਆਂ ਕਿਹਾ ਕਿ ਕਿਸੇ ਨਾਲ ਕੋਈ ਪੱਖਪਾਤ ਨਹੀਂ ਹੋਵੇਗਾ। ਉਨ੍ਹਾਂ ਐੱਸਐਚਓ ਮਲੌਦ ਨੂੰ ਹਦਾਇਤ ਕੀਤੀ ਹੈ ਕਿ ਸਹੀ ਜਾਂਚ ਪੜਤਾਲ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਮੌਕੇ ਗਿੱਲ ਬੇਰਕਲਾਂ ਨੇ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਧਰਨਾ ਲਗਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਬਲਜੀਤ ਸਿੰਘ, ਜਗਰੂਪ ਸਿੰਘ ਫੌਜੀ, ਗੱਜਣ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਤਾਰੀ, ਸਮਸ਼ੇਰ ਸਿੰਘ ਕੋਟਲੀ, ਰਾਜਵੀਰ ਸਿੰਘ, ਬੂਟਾ ਸਿੰਘ ਪੰਚ, ਭੂਰ ਸਿੰਘ, ਮੁਖਤਿਆਰ ਸਿੰਘ, ਮੰਗਾ ਸਿੰਘ, ਬਿੰਦਰ ਸਿੰਘ ਹਾਜ਼ਰ ਸਨ।