DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੁਧਿਆਣਾ ’ਚ ਭਲਕੇ ਸ਼ਾਮ ਤੋਂ ਧਾਰਾ 163 ਲਾਗੂ

ਅੱਜ ਸ਼ਾਮ 6 ਵਜੇ ਤੋਂ ਬਾਅਦ ਬਾਹਰੀ ਵਿਅਕਤੀਆਂ ਨੂੰ ਹਲਕਾ ਪੱਛਮੀ ਛੱਡਣ ਦੇ ਹੁਕਮ
  • fb
  • twitter
  • whatsapp
  • whatsapp
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 16 ਜੂਨ

Advertisement

ਲੁਧਿਆਣਾ ਦੇ ਵਿਧਾਨਸਭਾ ਹਲਕਾ ਪੱਛਮੀ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਲਈ ਜ਼ਿਲ੍ਹਾ ਚੋਣ ਅਧਿਕਾਰੀ ਨੇ ਅੱਜ ਵੱਖ-ਵੱਖ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਅਨੁਸਾਰ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 (ਬੀ.ਐਨ.ਐਸ.ਐਸ) ਦੀ ਧਾਰਾ 163 ਦੁਆਰਾ ਪ੍ਰਾਪਤ ਸ਼ਕਤੀ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਜੈਨ ਨੇ ਸੋਮਵਾਰ ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਅਧਿਕਾਰ ਖੇਤਰ ਵਿੱਚ 17 ਜੂਨ ਸ਼ਾਮ 6 ਵਜੇ ਤੋਂ 19 ਜੂਨ ਸ਼ਾਮ 6 ਵਜੇ ਵੋਟਾਂ ਦੀ ਸਮਾਪਤੀ ਤੱਕ 48 ਘੰਟਿਆਂ ਦੀ ਮਿਆਦ ਲਈ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ।

ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਹਿਮਾਂਸ਼ੂ ਜੈਨ ਨੇ ਕਿਹਾ ਕਿ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 126 ਦੇ ਤਹਿਤ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਅਧਿਕਾਰ ਖੇਤਰ ਵਿੱਚ 17 ਜੂਨ ਸ਼ਾਮ 6 ਵਜੇ ਤੋਂ 19 ਜੂਨ ਸ਼ਾਮ 6 ਵਜੇ ਤੱਕ ਇਕੱਠ ਕਰਨ ਅਤੇ ਜਨਤਕ ਮੀਟਿੰਗਾਂ ਕਰਨ ’ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਸਿਰਫ਼ ਚਾਰ ਵਿਅਕਤੀਆਂ ਦੇ ਸੀਮਤ ਸਮੂਹ ਨਾਲ ਘਰ-ਘਰ ਪ੍ਰਚਾਰ ਕਰਨ ਦੇ ਸੰਬੰਧ ਵਿੱਚ 48 ਘੰਟਿਆਂ ਦੌਰਾਨ ਘਰ-ਘਰ ਜਾਣ ’ਤੇ ਪਾਬੰਦੀ ਨਹੀਂ ਲਗਾਉਂਦਾ।

ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਸਾਰੇ ਰਾਜਨੀਤਿਕ ਨੇਤਾ, ਅਹੁਦੇਦਾਰ ਜਾਂ ਪਾਰਟੀ ਵਰਕਰ ਜੋ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਰਜਿਸਟਰਡ ਵੋਟਰ ਨਹੀਂ ਹਨ ਉਨ੍ਹਾਂ ਨੂੰ 17 ਜੂਨ ਸ਼ਾਮ 06:00 ਵਜੇ ਤੱਕ ਲੁਧਿਆਣਾ ਪੱਛਮੀ ਹਲਕਾ ਖਾਲੀ ਕਰਨਾ ਪਵੇਗਾ। ਇਸ ਦੇ ਨਾਲ ਹੀ ਜਨਰਲ ਆਬਜ਼ਰਵਰ ਰਾਜੀਵ ਕੁਮਾਰ (ਆਈਏਐੱਸ), ਪੁਲੀਸ ਆਬਜ਼ਰਵਰ ਸੁਰਿੰਦਰ ਪਾਲ (ਆਈਪੀਐੱਸ), ਖਰਚਾ ਆਬਜ਼ਰਵਰ ਇੰਦਾਨਾ ਅਸ਼ੋਕ ਕੁਮਾਰ (ਆਈ.ਆਰ.ਐਸ) ਅਤੇ ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਨੇ ਲੁਧਿਆਣਾ ਪੱਛਮੀ ਵਿੱਚ ਪਾਰਦਰਸ਼ੀ ਜ਼ਿਮਨੀ ਚੋਣ ਨੂੰ ਯਕੀਨੀ ਬਣਾਉਣ ਲਈ ਸਖ਼ਤ ਹੁਕਮਾਂ ਦਾ ਐਲਾਨ ਕੀਤਾ।

ਉਨ੍ਹਾਂ ਨੇ ਕਿਹਾ ਕਿ 17 ਜੂਨ, 2025 ਨੂੰ ਸ਼ਾਮ 6:00 ਵਜੇ ਤੋਂ 19 ਜੂਨ, 2025 ਨੂੰ ਵੋਟਿੰਗ ਪੂਰੀ ਹੋਣ ਤੱਕ ਉਹ ਵਿਅਕਤੀ ਜੋ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਰਜਿਸਟਰਡ ਵੋਟਰ ਨਹੀਂ ਹਨ, ਚੋਣ ਪ੍ਰਕਿਰਿਆ ਵਿੱਚ ਸ਼ਾਮਲ ਹਨ, ਜਾਂ ਰਾਜਨੀਤਿਕ ਪਾਰਟੀਆਂ ਵਿੱਚ ਲੀਡਰਸ਼ਿਪ ਦੇ ਅਹੁਦੇ ਰੱਖਦੇ ਹਨ ਨੂੰ ਹਲਕੇ ਦੇ ਅੰਦਰ ਰਹਿਣ ਦੀ ਮਨਾਹੀ ਹੈ। ਇਸ ਪਾਬੰਦੀ ਦਾ ਉਦੇਸ਼ ਬਾਹਰੀ ਪ੍ਰਭਾਵ ਨੂੰ ਸੀਮਤ ਕਰਕੇ ਚੋਣ ਪ੍ਰਕਿਰਿਆ ਦੀ ਅਖੰਡਤਾ ਨੂੰ ਬਣਾਈ ਰੱਖਣਾ ਹੈ।

ਲੁਧਿਆਣਾ ਪੱਛਮੀ ਵਿਧਾਨ ਸਭਾ ਅਧਿਕਾਰ ਖੇਤਰ ਦੇ ਅੰਦਰ ਕੋਈ ਵੀ ਰਿਹਾਇਸ਼ ਜਿਸ ਵਿੱਚ ਹੋਟਲ, ਹੋਸਟਲ, ਗੈਸਟ ਹਾਊਸ, ਮੋਟਲ, ਸਰਾਵਾਂ, ਕਮਿਊਨਿਟੀ ਹਾਲ, ਪੀ.ਜੀ ਰਿਹਾਇਸ਼ ਜਾਂ ਇਸ ਤਰ੍ਹਾਂ ਦੇ ਹੋਰ ਅਦਾਰੇ ਸ਼ਾਮਲ ਹਨ ਉਹ ਪਾਬੰਦੀਸ਼ੁਦਾ ਸਮੇਂ ਦੌਰਾਨ ਦੂਜੇ ਜ਼ਿਲਿ੍ਹਆਂ ਜਾਂ ਰਾਜਾਂ ਦੇ ਗੈਰ-ਰਜਿਸਟਰਡ ਵੋਟਰਾਂ ਨੂੰ ਨਹੀਂ ਰਹਿ ਸੱਕਣਗੇ। ਲੁਧਿਆਣਾ ਪੁਲੀਸ, ਰਿਟਰਨਿੰਗ ਅਫਸਰ (ਲੁਧਿਆਣਾ ਪੱਛਮੀ), ਜ਼ਿਲ੍ਹਾ ਖੁਰਾਕ ਸਿਵਲ ਸਪਲਾਈ, ਆਬਕਾਰੀ ਅਤੇ ਕਰ ਅਧਿਕਾਰੀਆਂ ਨੂੰ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੇ ਕਰਤੱਵਾਂ ਵਿੱਚ ਬਾਹਰੀ ਲੋਕਾਂ ਨੂੰ ਰਹਿਣ ਤੋਂ ਰੋਕਣ ਲਈ ਰਿਹਾਇਸ਼ਾਂ ਦੀ ਨਿਗਰਾਨੀ ਕਰਨਾ, ਅਣਅਧਿਕਾਰਤ ਕਬਜ਼ਾਧਾਰੀਆਂ ਲਈ ਵਿਆਹ ਹਾਲਾਂ ਅਤੇ ਕਮਿਊਨਿਟੀ ਸੈਂਟਰਾਂ ਦਾ ਨਿਰੀਖਣ ਕਰਨਾ, ਲਾਜਾਂ ਅਤੇ ਗੈਸਟ ਹਾਊਸਾਂ ’ਤੇ ਮਹਿਮਾਨ ਸੂਚੀਆਂ ਦੀ ਪੁਸ਼ਟੀ ਕਰਨਾ ਅਤੇ ਵਾਹਨਾਂ ਦੀ ਆਵਾਜਾਈ ਦੀ ਨਿਗਰਾਨੀ ਲਈ ਹਲਕੇ ਦੀਆਂ ਸਰਹੱਦਾਂ ’ਤੇ ਚੈੱਕ ਪੋਸਟਾਂ ਸਥਾਪਤ ਕਰਨਾ ਸ਼ਾਮਲ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਪਾਰਦਰਸ਼ਤਾ ਅਤੇ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਹੁਕਮਾਂ ਬਾਰੇ ਸਾਰੀਆਂ ਰਾਜਨੀਤਿਕ ਪਾਰਟੀਆਂ, ਉਮੀਦਵਾਰਾਂ ਅਤੇ ਏਜੰਟਾਂ ਨੂੰ ਸੂਚਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਗੈਰ-ਰਜਿਸਟਰਡ ਵੋਟਰਾਂ ’ਤੇ ਪਾਬੰਦੀਆਂ ਬਾਰੇ ਜਨਤਕ ਐਲਾਨ ਲੁਧਿਆਣਾ ਪੱਛਮੀ ਵਿਧਾਨ ਸਭਾ ਖੇਤਰ ਵਿੱਚ ਕੀਤੇ ਜਾਣਗੇ।

ਖਾਸ ਕਰਕੇ ਪੋਲਿੰਗ ਤੋਂ ਪਹਿਲਾਂ ਦੇ ਆਖਰੀ 72 ਘੰਟਿਆਂ ਦੌਰਾਨ ਪਾਲਣਾ ਨੂੰ ਹੋਰ ਯਕੀਨੀ ਬਣਾਉਣ ਲਈ ਫਲਾਇੰਗ ਸਕੁਐਡ ਟੀਮਾਂ (ਐਫ.ਐਸ.ਟੀ), ਸਟੈਟਿਕ ਨਿਗਰਾਨੀ ਟੀਮਾਂ (ਐਸ.ਐਸ.ਟੀ) ਅਤੇ ਆਬਕਾਰੀ ਅਧਿਕਾਰੀਆਂ ਸਮੇਤ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਉੱਚ-ਤਕਨੀਕੀ ਜਾਂਚ ਪੋਸਟਾਂ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹਲਕੇ ਵਾਹਨਾਂ ਅਤੇ ਲਾਰੀਆਂ ਸਮੇਤ ਸਾਰੇ ਵਾਹਨਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ) ਦੀ ਆਵਾਜਾਈ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ (ਸੀ.ਏ.ਪੀ.ਐਫ) ਦੀ ਨਿਗਰਾਨੀ ਹੇਠ ਜੀ.ਪੀ.ਐਸ ਨਾਲ ਲੈਸ ਵਾਹਨਾਂ ਵਿੱਚ ਪੁਲੀਸ ਐਸਕਾਰਟ ਨਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਾਂਤਮਈ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੋਲਿੰਗ ਬੂਥਾਂ ’ਤੇ 66 ਮਾਈਕ੍ਰੋ-ਆਬਜ਼ਰਵਰ ਤਾਇਨਾਤ ਕੀਤੇ ਜਾਣਗੇ ਤਾਂ ਜੋ ਕਾਰਵਾਈਆਂ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਸਕੇ।

ਡੱਬੀ

ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੁਧਿਆਣਾ ਵਿੱਚ 19 ਜੂਨ ਨੂੰ ’ਨੋ ਫਲਾਈਂਗ ਜ਼ੋਨ ਘੋਸ਼ਿਤ ਕੀਤਾ

ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਜੈਨ ਨੇ ਸੋਮਵਾਰ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜ਼ਿਲ੍ਹਾ ਲੁਧਿਆਣਾ ਦੀ ਸੀਮਾ ਦੇ ਅੰਦਰ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ’ਨੋ ਫਲਾਈਂਗ ਜ਼ੋਨ’ ਘੋਸ਼ਿਤ ਕੀਤਾ ਹੈ। ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੇ ਡਰੋਨ ਆਦਿ ਨੂੰ ਉਡਾਉਣ ਦੀ ਮਨਾਹੀ ਹੋਵੇਗੀ। ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 (ਬੀ.ਐਨ.ਐਸ.ਐਸ) ਦੀ ਧਾਰਾ 163 ਦੇ ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤਾ ਗਿਆ ਹੈ। ਹਿਮਾਂਸ਼ੂ ਜੈਨ ਨੇ ਕਿਹਾ ਕਿ ਪੁਲੀਸ ਕਮਿਸ਼ਨਰ ਲੁਧਿਆਣਾ, ਸੀਨੀਅਰ ਪੁਲੀਸ ਕਪਤਾਨ ਲੁਧਿਆਣਾ (ਦਿਹਾਤੀ)/ਖੰਨਾ ਇਸ ਹੁਕਮ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੋਣਗੇ। ਇਸ ਤੋਂ ਇਲਾਵਾ ਇਹ ਹੁਕਮ ਪੁਲੀਸ ਕਮਿਸ਼ਨਰ ਲੁਧਿਆਣਾ, ਸੀਨੀਅਰ ਪੁਲੀਸ ਕਪਤਾਨ ਲੁਧਿਆਣਾ (ਦਿਹਾਤੀ)/ਖੰਨਾ ਅਤੇ ਰਿਟਰਨਿੰਗ ਅਫ਼ਸਰ (ਆਰ.ਓ) ਦੁਆਰਾ ਚੋਣ ਉਦੇਸ਼ ਲਈ ਵਰਤੇ ਜਾ ਰਹੇ ਡਰੋਨਾਂ ’ਤੇ ਲਾਗੂ ਨਹੀਂ ਹੁੰਦਾ।

ਡੱਬੀ

17 ਜੂਨ (ਸ਼ਾਮ 6 ਵਜੇ) ਤੋਂ 19 ਜੂਨ (ਸ਼ਾਮ 6 ਵਜੇ) ਤੱਕ ਡਰਾਈ ਡੇਅ ਘੋਸ਼ਿਤ ਕੀਤਾ

ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਅਤੇ ਇਸਦੇ 3 ਕਿਲੋਮੀਟਰ ਦੇ ਨਾਲ ਲੱਗਦੇ ਖੇਤਰ ਵਿੱਚ ਵੀ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ

ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਨਿਰਪੱਖ ਅਤੇ ਵਿਵਸਥਾਪੂਰਵਕ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਨੇ 64-ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਅਤੇ ਇਸਦੇ 3 ਕਿਲੋਮੀਟਰ ਦੇ ਨਾਲ ਲੱਗਦੇ ਖੇਤਰ ਵਿੱਚ 17 ਜੂਨ (ਸ਼ਾਮ 6 ਵਜੇ) ਤੋਂ 19 ਜੂਨ (ਸ਼ਾਮ 6 ਵਜੇ) ਤੱਕ ਡਰਾਈ ਡੇਅ ਘੋਸ਼ਿਤ ਕੀਤਾ ਹੈ।

ਹਿਮਾਂਸ਼ੂ ਜੈਨ ਨੇ ਦੇਸੀ ਸ਼ਰਾਬ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦੇ ਹੁਕਮ ਵੀ ਦਿੱਤੇ ਹਨ। ਇਸ ਤੋਂ ਇਲਾਵਾ ਕੋਈ ਵੀ ਹੋਟਲ, ਰੈਸਟੋਰੈਂਟ, ਕਲੱਬ, ਬਾਰ ਅਤੇ ਹੋਰ ਅਦਾਰੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਮਾਲੀਆ ਸੀਮਾ ਅਤੇ ਸਬੰਧਤ ਹਲਕੇ ਦੇ ਨਾਲ ਲੱਗਦੇ 3 ਕਿਲੋਮੀਟਰ ਦੇ ਖੇਤਰ ਵਿੱਚ ਸ਼ਰਾਬ ਸਟੋਰ/ਵੇਚ/ਪਰੋਸ ਨਹੀਂ ਕਰਨਗੇ। ਕਿਸੇ ਵੀ ਵਿਅਕਤੀ ਦੁਆਰਾ ਚਲਾਏ ਜਾ ਰਹੇ ਸ਼ਰਾਬ ਦੀਆਂ ਦੁਕਾਨਾਂ, ਹੋਟਲ, ਰੈਸਟੋਰੈਂਟ ਅਤੇ ਕਲੱਬ ਭਾਵੇਂ ਉਹਨਾਂ ਨੂੰ ਸ਼ਰਾਬ ਰੱਖਣ ਅਤੇ ਸਪਲਾਈ ਕਰਨ ਲਈ ਵੱਖ-ਵੱਖ ਸ਼੍ਰੇਣੀਆਂ ਦੇ ਲਾਇਸੈਂਸ ਜਾਰੀ ਕੀਤੇ ਗਏ ਹੋਣ ਉਹਨਾਂ ਨੂੰ ਵੀ 17 ਜੂਨ (ਸ਼ਾਮ 6 ਵਜੇ) ਤੋਂ 19 ਜੂਨ (ਸ਼ਾਮ 6 ਵਜੇ) ਤੱਕ ਉਪਰੋਕਤ ਦੱਸੇ ਗਏ ਸਮੇਂ ਦੌਰਾਨ ਸ਼ਰਾਬ ਪਰੋਸਣ ਦੀ ਆਗਿਆ ਨਹੀਂ ਹੈ।

Advertisement
×