ਸੰਜੀਵ ਅਰੋੜਾ ਦੇ ਮੰਤਰੀ ਬਣਨ ’ਤੇ ਪਾਰਟੀ ਵਰਕਰਾਂ ਨੇ ਵੰਡੇ ਲੱਡੂ
ਗੁਰਿੰਦਰ ਸਿੰਘ
ਲੁਧਿਆਣਾ, 3 ਜੁਲਾਈ
ਹਲਕਾ ਪੱਛਮੀ ਤੋਂ ਨਵੇਂ ਚੁਣੇ ਗਏ ਵਿਧਾਇਕ ਸੰਜੀਵ ਅਰੋੜਾ ਨੂੰ ਭਗਵੰਤ ਮਾਨ ਦੀ ਸਰਕਾਰ ਵਿੱਚ ਮੰਤਰੀ ਬਣਾਏ ਜਾਣ ’ਤੇ ਹਲਕਾ ਪੱਛਮੀ ਹੀ ਨਹੀਂ ਬਲਕਿ ਸਮੁੱਚੇ ਲੁਧਿਆਣਾ ਦੇ ‘ਆਪ’ ਵਰਕਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਅੱਜ ਵੱਖ-ਵੱਖ ਥਾਵਾਂ ਤੇ ‘ਆਪ’ ਵਰਕਰਾਂ ਨੇ ਇਸ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਕਈ ਥਾਈ ਭੰਗੜੇ ਵੀ ਪਾਏ ਗਏ। ਕੌਂਸਲਰ ਅੰਮ੍ਰਿਤ ਵਰਸ਼ਾ ਰਾਮਪਾਲ ਦੀ ਅਗਵਾਈ ਹੇਠ ਹਲਕੇ ਦੇ ਕੌਂਸਲਰਾਂ ਅਤੇ ਯੂਥ ਵਿੰਗ ਦੇ ਪ੍ਰਧਾਨ ਅਮਰਿੰਦਰ ਸਿੰਘ ਜਵੱਦੀ ਵੱਲੋਂ ਸਰਾਭਾ ਨਗਰ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।
ਇਸ ਮੌਕੇ ਐਡਵੋਕੇਟ ਬੀਕੇ ਰਾਮਪਾਲ, ਕੌਂਸਲਰ ਗੁਰਪ੍ਰੀਤ ਸਿੰਘ ਬੱਬਲ, ਕੌਂਸਲਰ ਸਤਨਾਮ ਸੰਨੀ, ਰਾਜੂ ਕਨੋਜੀਆ, ਤਨਵੀਰ ਸਿੰਘ ਧਾਲੀਵਾਲ ਅਤੇ ਹਰਪ੍ਰੀਤ ਸਿੰਘ ਸਮੇਤ ਕਈ ਆਗੂ ਹਾਜ਼ਰ ਸਨ। ਇਸ ਮੌਕੇ ਅੰਮ੍ਰਿਤ ਵਰਸ਼ਾ ਰਾਮਪਾਲ ਅਤੇ ਅਮਰਿੰਦਰ ਸਿੰਘ ਜਵੱਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ‘ਆਪ’ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਜੀਵ ਅਰੋੜਾ ਨੂੰ ਮੰਤਰੀ ਮੰਡਲ ਵਿੱਚ ਲਏ ਜਾਣ ਨਾਲ ਹਲਕੇ ਦੇ ਲੋਕਾਂ ਦੀ ਪਿਛਲੇ ਸਾਢੇ ਤਿੰਨ ਸਾਲ ਦੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸੰਜੀਵ ਅਰੋੜਾ ਦੀ ਇਸ ਨਿਯੁਕਤੀ ਨਾਲ ਲੁਧਿਆਣਾ ਦੀ ਸਹਿਕ ਰਹੀ ਇੰਡਸਟਰੀ ਨੂੰ ਪ੍ਰਫੁੱਲਿਤ ਹੋਣ ਦਾ ਮੌਕਾ ਮਿਲੇਗਾ।
ਇਸ ਦੌਰਾਨ ਸੀਨੀਅਰ ਆਗੂ ਰਵਿੰਦਰ ਪਾਲ ਸਿੰਘ ਪਾਲੀ ਸੰਯੁਕਤ ਸਕੱਤਰ ਵਪਾਰ ਵਿੰਗ ਦੀ ਅਗਵਾਈ ਹੇਠ ਨਵੇਂ ਬੱਸ ਅੱਡੇ ਕੋਲ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਵਪਾਰੀ ਆਗੂ ਮਨਪ੍ਰੀਤ ਸਿੰਘ ਬੰਟੀ ਨੇ ਵੀ ਲੱਡੂ ਵੰਡੇ।
ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹਲਕਾ ਪੱਛਮੀ ਨੂੰ ਹਮੇਸ਼ਾਂ ਹੀ ਪੰਜਾਬ ਦੀ ਵਜ਼ਾਰਤ ਵਿੱਚ ਸਥਾਨ ਮਿਲਦਾ ਰਿਹਾ ਹੈ। ਇਸ ਹਲਕੇ ਤੋਂ ਚੁਣੇ ਗਏ ਵਿਧਾਇਕ ਹਰਨਾਮ ਦਾਸ ਜੌਹਰ, ਮਹੇਸ਼ਇੰਦਰ ਸਿੰਘ ਗਰੇਵਾਲ, ਹਰੀਸ਼ ਰਾਏ ਢਾਂਡਾ ਅਤੇ ਭਾਰਤ ਭੂਸ਼ਨ ਆਸ਼ੂ ਇਸ ਹਲਕੇ ਤੋਂ ਚੋਣ ਜਿੱਤਕੇ ਮੰਤਰੀ ਬਣਦੇ ਰਹੇ ਹਨ। ਭਗਵੰਤ ਮਾਨ ਦੀ ਸਰਕਾਰ ਨੇ ਬੇਸ਼ੱਕ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੂੰ ਮੰਤਰੀ ਮੰਡਲ ਵਿੱਚ ਨਹੀਂ ਸੀ ਲਿਆ ਪਰ ਹੁਣ ਉਨ੍ਹਾਂ ਦੀ ਅਚਨਚੇਤ ਮੌਤ ਤੋਂ ਬਾਅਦ ਹੋਈ ਜ਼ਿਮਨੀ ਚੋਣ ਵਿੱਚ ਜੇਤੂ ਬਣੇ ਸੰਜੀਵ ਅਰੋੜਾ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਗਿਆ ਹੈ।