ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਅਪਰੈਲ
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਨੇ ਪੰਜਾਬ 100 ਫੇਜ਼ 3 ਦੇ ਚੁਣੇ ਗਏ ਉਮੀਦਵਾਰਾਂ ਲਈ ਓਰੀਐਂਟੇਸ਼ਨ ਸਮਾਰੋਹ ਦੀ ਮੇਜ਼ਬਾਨੀ ਕੀਤੀ। ਇਹ ਪ੍ਰੋਗਰਾਮ ‘ਪ੍ਰਯਾਸ ਐਜੂਕੇਸ਼ਨਲ ਐਂਡ ਚੈਰੀਟੇਬਲ ਸੁਸਾਇਟੀ’ ਰਾਹੀਂ ਸੈਂਟਰ ਆਫ਼ ਮਲਟੀਫੈਕਟਡ ਲਰਨਿੰਗ (ਸੀਐਮਐਲ),ਜੀਐਨਡੀਈਸੀ, ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਪੰਜਾਬ ਨਾਲ ਸਬੰਧਤ 100 ਕੁੜੀਆਂ ਨੂੰ ਮੁਫਤ ਆਨਲਾਈਨ ਕੈਟ ਕੋਚਿੰਗ ਦੇਣਾ ਹੈ।
ਇਸ ਸਮਾਗਮ ਵਿੱਚ ਸਵਾਤੀ ਮੁੰਜਾਲ ਨੇ ਬਤੌਰ ਮੁੱਖ ਮਹਿਮਾਨ ਅਤੇ ਮਨਦੀਪ ਟਾਂਗਰਾ ਨੇ ਮਾਹਰ ਸਪੀਕਰ ਵਜੋਂ ਸ਼ਿਰਕਤ ਕੀਤੀ ਤੇ ਉਨ੍ਹਾਂ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਨਾਲ ਜੁੜੇ ਕੁਝ ਕਿੱਸੇ ਸਾਂਝੇ ਕੀਤੇ। ਸੰਸਥਾ ਦੇ ਸੰਸਥਾਪਕ ਸੋਨੀ ਗੋਇਲ ਨੇ 100 ਯੋਗ ਔਰਤਾਂ ਨੂੰ ਭਾਰਤ ਦੇ ਪ੍ਰਮੁੱਖ ਕਾਰੋਬਾਰੀ ਸਕੂਲਾਂ ਵਿੱਚ ਦਾਖਲ ਹੋਣ ਅਤੇ ਉੱਤਮਤਾ ਪ੍ਰਾਪਤ ਕਰਨ ਲਈ ਇਸ ਪਹਿਲਕਦਮੀ ਪਿਛਲੇ ਉਦੇਸ਼ ਬਾਰੇ ਦੱਸਿਆ। ਜੀਐੱਨਡੀਈਸੀ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਅਜਿਹੇ ਸਮਾਜ ਭਲਾਈ ਦੇ ਯਤਨਾਂ ਦਾ ਹਿੱਸਾ ਬਣਨ ’ਤੇ ਮਾਣ ਮਹਿਸੂਸ ਕਰਦਿਆਂ ਸੰਸਥਾ ਦੇ ਉਦਮ ਦੀ ਸ਼ਲਾਘਾ ਕੀਤੀ। ਸੁਪਰ 30 ਮਾਡਲ ਤੋਂ ਪ੍ਰੇਰਿਤ ਇਹ ਪ੍ਰੋਗਰਾਮ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੀਆਂ ਵਿਦਿਆਰਥਣਾਂ ਨੂੰ ਭਾਰਤ ਦੇ ਚੋਟੀ ਦੇ ਕਾਰੋਬਾਰੀ ਸਕੂਲਾਂ ਅਤੇ ਭਵਿੱਖ ਦੀ ਕਾਰਪੋਰੇਟ ਲੀਡਰਸ਼ਿਪ ਲਈ ਤਿਆਰ ਕਰਨ ਦਾ ਮੌਕਾ ਦਿੰਦੀ ਹੈ। ਪ੍ਰੋਗਰਾਮ ਦੌਰਾਨ ਉਮੀਦਵਾਰਾਂ ਨੇ ਆਪਣੇ ਮਾਪਿਆਂ ਦੇ ਨਾਲ, ਸੈਸ਼ਨ ਵਿੱਚ ਸ਼ਿਰਕਤ ਕੀਤੀ ਜਿੱਥੇ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਗਈ, ਪ੍ਰੋਗਰਾਮ ਦੇ ਵੇਰਵੇ ਸਾਂਝੇ ਕੀਤੇ ਗਏ ਅਤੇ ਚੋਣ ਪੱਤਰ ਵੀ ਵੰਡੇ ਗਏ।
ਇਸ ਪ੍ਰੋਗਰਾਮ ਦੀ ਸਫਲਤਾ ਵਿੱਚ ਹਿਮਾਨੀ, ਸਿਧਾਰਥ, ਪਾਰੁਲ ਅਰੋੜਾ, ਅਦਿਤੀ ਸਿੰਗਲਾ, ਹੈਦਰ ਅਲੀ ਅਤੇ ਸਿਮਰਤ ਸੰਧੂ ਅਹਿਮ ਯੋਗਦਾਨ ਪਾਇਆ। ਇਸ ਪ੍ਰੋਗਰਾਮ ਵਿੱਚ ਇੰਜ. ਐਚ.ਐਸ. ਢਿੱਲੋਂ, ਪ੍ਰੋ. ਲਖਬੀਰ ਸਿੰਘ, ਵਿਜੇ ਕਾਂਤ ਗੋਇਲ, ਸ਼ਬਨਮ ਸਿੰਗਲਾ, ਤੀਰਥ ਪਾਲ ਸਿੰਘ ਅਤੇ ਜੈ ਸਿੰਘ ਸਮੇਤ ਕਈ ਵਿਸ਼ੇਸ਼ ਮਹਿਮਾਨਾਂ ਨੇ ਵੀ ਹਿੱਸਾ ਲਿਆ।