ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਜੂਨ
ਸਥਾਨਕ ਖਾਲਸਾ ਕਾਲਜ ਫਾਰ ਵਿਮੈੱਨ ਵਿੱਚ ਕਰਨਲ ਆਰਐਸ ਚੌਹਾਨ, ਕਾਲਜ ਡਾਇਰੈਕਟਰ ਡਾ. ਮੁਕਤੀ ਗਿੱਲ, ਕਾਲਜ ਪ੍ਰਿੰ. ਡਾ. ਕਮਲਜੀਤ ਗਰੇਵਾਲ ਅਤੇ ਐਸੋਸੀਏਟ ਐਨਸੀਸੀ ਅਫਸਰ ਕੈਪਟਨ ਡਾ. ਪਰਮਜੀਤ ਕੌਰ ਦੀ ਅਗਵਾਈ ਹੇਠ 10 ਦਿਨਾਂ ਐੱਨਸੀਸੀ ਕੈਂਪ ਅੱਜ ਸਮਾਪਤ ਹੋ ਗਿਆ। ਇਸ ਕੈਂਪ ਵਿੱਚ ਸ਼ਹਿਰ ਦੀਆਂ 15 ਸਿੱਖਿਆ ਸੰਸਥਾਵਾਂ ਦੀਆਂ 413 ਗਰਲਜ਼ ਕੈਡਿਟਸ ਨੇ ਸ਼ਮੂਲੀਅਤ ਕੀਤੀ। ਇਸ ਕੈਂਪ ਦਾ ਮਕਸਦ ਕੈਡਿਟਸ ਨੂੰ ਅਸਲੀ ਫੌਜੀ ਜੀਵਨ ਤੋਂ ਜਾਣੂ ਕਰਵਾਉਣਾ ਸੀ। ਇਸ ਕੈਂਪ ਦੌਰਾਨ ਰਾਤ-ਦਿਨ ਐੱਨਸੀਸੀ ਕੈਡਿਟਸ ਕਾਲਜ ਵਿੱਚ ਹੀ ਰਹੀਆਂ।
ਇਨ੍ਹਾਂ ਕੈਡਿਟਸ ਨੇ ਆਰਮੀ ਨਿਯਮਾਂ ਦੀ ਪਾਲਣਾ ਕਰਦਿਆਂ ਸਵੇਰੇ ਉਠ ਕੇ ਸਰੀਰਕ ਕਸਰਤ ਅਤੇ ਹੋਰ ਗਤੀਵਿਧੀਆਂ ਵਿੱਚ ਹਿੱਸਾ ਲਿਆ। ਕੈਡਿਟਸ ਨੂੰ ਪ੍ਰੈਕਟੀਕਲ ਅਤੇ ਵਿਵਹਾਰਕ ਸਿਖਲਾਈ ਦਿੱਤੀ ਗਈ। ਦਸ ਦਿਨ ਚੱਲੇ ਇਸ ਕੈਂਪ ਵਿੱਚ ਕੈਡਿਟਸ ਨੇ ਮਾਰਸ਼ਲ ਆਰਟ, ਡ੍ਰਿਲ, ਹਥਿਆਰ ਸੰਭਾਲਣ, ਸਵੈ-ਰੱਖਿਆ ਵਿੱਚ ਸਖਤ ਸਿਖਲਾਈ ਲਈ ਅਤੇ ਸਾਈਬਰ ਸੁਰੱਖਿਆ, ਆਫਤ ਪ੍ਰਬੰਧਨ ਅਤੇ ਸਮਾਜਿਕ ਜ਼ਿੰਮੇਵਾਰੀ ’ਤੇ ਲੱਗੇ ਸੈਮੀਨਾਰਾਂ ਵਿੱਚ ਹਿੱਸਾ ਲਿਆ। ਸਾਰੀਆਂ ਕੈਡਿਟਸ ਨੂੰ 0.22 ਰਾਈਫਲ ਚਲਾਉਣ ਦੀ ਸਿਖਲਾਈ ਵੀ ਦਿੱਤੀ ਗਈ। ਇੰਨਾਂ ਗਤੀਵਿਧੀਆਂ ਨੇ ਕੈਡਿਟਸ ਵਿੱਚ ਲੀਡਰਸ਼ਿਪ ਵਿਕਾਸ, ਸਰੀਰਕ ਸਹਿਣਸ਼ੀਲਤਾ ਅਤੇ ਟੀਮ-ਨਿਰਮਾਣ ਦੇ ਹੁਨਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਕੈਂਪ ਦੀ ਆਖਰੀ ਸ਼ਾਮ ਕੈਡਿਟਸ ਦੇ 100 ਮੀਟਰ ਦੌੜ, ਥਰੋਅ ਬਾਲ, ਲੋਕ ਨਾਚ, ਗੀਤਾਂ, ਸਕਿੱਟਾਂ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਗਰੁੱਪ ਕਮਾਂਡਰ ਬ੍ਰਿਗੇਡੀਅਰ ਪੀਐਸ ਚੀਮਾ ਨੇ ਵੀ ਸ਼ਿਰਕਤ ਕਰਦਿਆਂ ਕੈਡਿਟਸ ਨੂੰ ਜੀਵਨ ਵਿੱਚ ਸਫਲ ਹੋਣ ਦੇ ਗੁਰ ਦੱਸੇ। ਪੂਰੇ ਕੈਂਪ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਕੈਡਿਟਸ ਨੂੰ ਸਰਟੀਫਿਕੇਟਾਂ ਦੇ ਕੇ ਸਨਮਾਨਿਤ ਕੀਤਾ ਗਿਆ।